ਨਵੀਂ ਦਿੱਲੀ, 20 ਅਕਤੂਬਰ
ਦਿੱਲੀ ਹਾਈ ਕੋਰਟ ਨੇ ਪਟਾਕਿਆਂ ਨਾਲ ਸਬੰਧਤ ਮੁੱਦੇ ਸੁਪਰੀਮ ਕੋਰਟ ਕੋਲ ਵਿਚਾਰਅਧੀਨ ਹੋਣ ਦੇ ਮੱਦੇਨਜ਼ਰ ਅੱਜ ਇਕ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਪਟੀਸ਼ਨ ਵਿੱਚ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਸਾਰੀ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ਅਤੇ ਇਸਤੇਮਾਲ ’ਤੇ ਪੂਰਨ ਪਾਬੰਦੀ ਲਗਾਏ ਜਾਣ ਨੂੰ ਚੁਣੌਤੀ ਦਿੱਤੀ ਗਈ ਹੈ। ਜਸਟਿਸ ਯਸ਼ਵੰਤ ਵਰਮਾ ਨੇ ਉਨ੍ਹਾਂ ਦੋ ਵਪਾਰੀਆਂ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਤਿਓਹਾਰਾਂ ਦੌਰਾਨ ‘‘ਸਿਰਫ ਹਰੇ ਪਟਾਕੇ ਖਰੀਦਣ, ਵੇਚਣ ਅਤੇ ਸਟੋਰ ਕਰਨ’ ਦੀ ਇਜਾਜ਼ਤ ਦਿੱਤੇ ਜਾਣ ਦੀ ਅਪੀਲ ਕੀਤੀ ਗਈ ਸੀ। ਅਦਾਲਤ ਨੇ ਕਿਹਾ, ‘‘ਰਿਕਾਰਡ ਵਿੱਚ ਰੱਖੀ ਹੋਈ ਸਮੱਗਰੀ ’ਤੇ ਅਦਾਲਤ ਨੇ ਗੌਰ ਕੀਤਾ ਕਿ ਦੀਵਾਲੀ ਦੌਰਾਨ ਪਟਾਕਿਆਂ ਦੇ ਇਸਤੇਮਾਲ ਦੇ ਨਤੀਜੇ ਵਜੋਂ ਪ੍ਰਦੂਸ਼ਣ ਦੇ ਮੁੱਦੇ ’ਤੇ ਪਹਿਲੀ ਵਾਰ ਸੁਪਰੀਮ ਕੋਰਟ ਨੇ (ਇਕ ਮਾਮਲੇ ’ਚ) ਵਿਚਾਰ ਕੀਤਾ ਸੀ। ਪਟਾਕਿਆਂ ਦੀ ਵਿਕਰੀ, ਖਰੀਦ ਅਤੇ ਧਮਾਕੇ ਕਰਨ ਦੇ ਸਬੰਧ ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਅਪੀਲ ਕਰਦੇ ਹੋਏ ਸੁਪਰੀਮ ਕੋਰਟ ਕੋਲ ਇਕ ਹੋਰ ਰਿੱਟ ਪਟੀਸ਼ਨ ਦਾਇਰ ਕੀਤੀ ਗਈ ਸੀ।’’ ਸਿਖਰਲੀ ਅਦਾਲਤ ਕੋਲ ਦਾਇਰ ਪਟੀਸ਼ਨ, ਪਾਬੰਦੀ ਦੇ ਸਬੰਧ ਵਿੱਚ ਹੋਣ ਦੇ ਮੱਦੇਨਜ਼ਰ ਜਸਟਿਸ ਵਰਮਾ ਨੇ ਕਿਹਾ, ‘‘ਅਸੀਂ ਇਸ ਰਿੱਟ ਪਟੀਸ਼ਨ ’ਤੇ ਵਿਚਾਰ ਕਰਨ ਦੇ ਇੱਛੁਕ ਨਹੀਂ ਹਾਂ। ਸਾਡੇ ਲਈ ਇੱਥੇ ਚੁਣੌਤੀ ’ਤੇ ਵਿਚਾਰ ਕਰਨਾ ਉਚਿਤ ਨਹੀਂ ਹੋਵੇਗਾ।’’ ਅਦਾਲਤ ਨੇ ਪਟੀਸ਼ਨਰ ਦੇ ਵਕੀਲ ਨੂੰ ਕਿਹਾ, ‘‘ਜੇਕਰ ਤੁਸੀਂ ਉਸ ਪਟੀਸ਼ਨ ’ਚ ਦਖਲ ਦੇਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਇਹ ਆਜ਼ਾਦੀ ਪ੍ਰਦਾਨ ਕਰ ਸਕਦੇ ਹਾਂ।’’ -ਪੀਟੀਆਈ
ਸੁਪਰੀਮ ਕੋਰਟ ਵੱਲੋਂ ਪਟਾਕਿਆਂ ’ਤੇ ਪਾਬੰਦੀ ਖ਼ਿਲਾਫ਼ ਤੁਰੰਤ ਸੁਣਵਾਈ ਤੋਂ ਇਨਕਾਰ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਦਿੱਲੀ ਵਿੱਚ ਪਟਾਕਿਆਂ ’ਤੇ ਲਗਾਈ ਪੂਰਨ ਪਾਬੰਦੀ ਨੂੰ ਚੁਣੌਤੀ ਦਿੰਦੀ ਭਾਜਪਾ ਆਗੂ ਮਨੋਜ ਤਿਵਾੜੀ ਦੀ ਅਰਜ਼ੀ ’ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਐੱਮ.ਆਰ. ਸ਼ਾਹ ਦੀ ਅਗਵਾਈ ਵਾਲੇ ਇਕ ਬੈਂਚ ਨੇ ਕਿਹਾ ਕਿ ਲੋਕਾਂ ਨੂੰ ਸਾਫ ਹਵਾ ਵਿੱਚ ਸਾਹ ਲੈਣ ਦਿਓ। ਅਦਾਲਤ ਨੇ ਕਿਹਾ ਕਿ ਤਿਓਹਾਰ ਮਨਾਉਣ ਦੇ ਹੋਰ ਵੀ ਤਰੀਕੇ ਹਨ। ਬੈਂਚ ਨੇ ਕਿਹਾ, ‘‘ਆਪਣਾ ਪੈਸਾ ਮਠਿਆਈਆਂ ’ਤੇ ਖਰਚੋ।’’ ਬੈਂਚ ਨੇ ਕਿਹਾ ਕਿ ਉਸ ਵੱਲੋਂ ਮਾਮਲੇ ’ਤੇ ਸੁਣਵਾਈ ਬਾਅਦ ਵਿੱਚ ਕੀਤੀ ਜਾਵੇਗੀ। -ਆਈਏਐੱਨਐੱਸ