ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਨਵੰਬਰ
ਇਥੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਵਿਖੇ ਸਕੂਲ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ, ਦਰਸ਼ਨ ਸਿੰਘ ਢਿੱਲੋਂ, ਗੁਰਮੇਜ ਸਿੰਘ ਅਤੇ ਸਕੂਲ ਪ੍ਰਿੰਸੀਪਲ ਸਤਬੀਰ ਸਿੰਘ, ਸਟਾਫ਼ ਅਤੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ। ਇਸ ਮੌਕੇ ਸਕੂਲ ਕੰਪਲੈਕਸ ਵਿਚ ‘ਦੀਪਮਾਲਾ’ ਕੀਤੀ ਗਈ। ਪ੍ਰੋਗਰਾਮ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਵਿਵੇਕ ਵਿਹਾਰ ਅਤੇ ਜਸਮੇਨ ਸਿੰਘ ਨੋਨੀ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀਆਂ ਭਰਦੇ ਹੋਏ ਸੰਗਤਾਂ ਦੇ ਦਰਸ਼ਨ ਕੀਤੇ। ਇਸ ਮੌਕੇ ਸਕੂਲੀ ਵਿਦਿਆਰਥੀਆਂ ਦੇ ਕੀਰਤਨੀ ਜੱਥੇ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰੀ-ਨਰਸਰੀ ਦੀ ਵਿਦਿਆਰਥਣ ਪ੍ਰਭਨੂਰ ਕੌਰ ਨੇ ‘ਕਲ ਤਾਰਨ ਗੁਰੂ ਨਾਨਕ ਆਇਆ’ ਕਵਿਤਾ ਪੇਸ਼ ਕਰਕੇ ਪੰਡਾਲ ਵਿੱਚ ਬੈਠੀਆਂ ਸੰਗਤਾਂ ਨੂੰ ਮੰਤਰ-ਮੁਗਧ ਕਰ ਦਿੱਤਾ। ਸਕੂਲ ਦੀ ਬਾਕੀ ਜਮਾਤਾਂ ਦੇ ਵਿਦਿਆਰਥੀਆਂ ਨੇ ਸਾਖੀ, ਭਾਸ਼ਣ ਰਾਹੀਂ ਗੁਰੂ ਸਾਹਿਬ ਦੇ ਜੀਵਨ ਬਾਰੇ ਵਿਸਤਾਰ ਸਹਿਤ ਚਾਨਣਾ ਪਾਇਆ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਅੰਸ਼ ਆਜਾਦ ਦਾ ਆਈ.ਆਈ.ਟੀ. ਭਿਲਾਈ ਵਿੱਚ ਦਾਖ਼ਲਾ ਹੋਣ ਤੇ ਉਸ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਕੂਲ ਪ੍ਰਿੰਸੀਪਲ ਤੇ ਪ੍ਰਬੰਧਕਾਂ ਵੱਲੋਂ ਹਾਜਰ ਪਤਵੰਤਿਆਂ ਦਾ ਸਿਰੋਪਾਓ ਨਾਲ ਸੁਆਗਤ ਕੀਤਾ ਗਿਆ। ਗੁੂਰ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਨਮੁੱਖ ਰੱਖਕੇ ਸਕੂਲ ਪਤਵੰਤੇ ਸੱਜਣਾਂ ਵੱਲੋਂ ‘ਦੀਪਮਾਲਾ’ ਦੇ ਰਾਹੀਂ ਦੀਵੇ ਜਗਾਉਣ ਦੀ ਰਸਮ ਅਦਾ ਕੀਤੀ ਗਈ। ਪਰਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ’ਤੇ ਚਲਦੇ ਹੋਏ ਆਪਣਾ ਜੀਵਨ ਸਫ਼ਲਾ ਕਰ ਸਕਦੇ ਹਾਂ।