ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਨਵੰਬਰ
ਪੱਛਮੀ ਦਿੱਲੀ ਦੇ ਗੁਰਦੁਆਰਾ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਏ ਤਿੰਨ-ਰੋਜ਼ਾ ਪ੍ਰੋਗਰਾਮ ਉਲੀਕੇ ਗਏ ਸਨ, ਜਿਸ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤ ਤੱਕ ਪੰਥ ਪ੍ਰਸਿੱਧ ਰਾਗੀ ਜਥਿਆਂ ਵੱਲੋਂ ਸੰਗਤ ਨੂੰ ਕੀਰਤਨ ਸਰਵਣ ਕਰਵਾਇਆ ਗਿਆ। ਕਥਾ ਵਾਚਕ ਅਤੇ ਪ੍ਰਚਾਰਕਾਂ ਨੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਤੇ ਪ੍ਰਕਾਸ਼ ਪਾਉਂਦੇ ਹੋਏ ਸੰਗਤ ਨੂੰ ਖਾਸਤੌਰ ’ਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਜੀਵਨ ਬਾਰੇ ਵਿਸਥਾਰ ਜਾਣਕਾਰੀ ਦਿੱਤੀ। ਗੁਰਦੁਆਰਾ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ 26 ਤੋਂ ਲੈ ਕੇ 28 ਨਵੰਬਰ ਤੱਕ ਗੁਰਦੁਆਰਾ ਰਾਜੌਰੀ ਗਾਰਡਨ ਵਿਖੇ 3 ਦਿਨੀਂ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਸ ਵਿੱਚ ਭਾਈ ਬਲਜੀਤ ਸਿੰਘ ਜੀ ਨਾਮਧਾਰੀ, ਭਾਈ ਬਲਬੀਰ ਸਿੰਘ ਗਾਫ਼ਿਲ, ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ, ਬੀਬੀ ਜਸਬੀਰ ਕੌਰ ਪੋਪਲੀ, ਭਾਈ ਜਗਤਾਰ ਸਿੰਘ, ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਭਾਈ ਸਤਿੰਦਰਪਾਲ ਸਿੰਘ ਦੇ ਜਥਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਡਾ. ਹਰਬਨ ਸਿੰਘ, ਡਾ. ਮਨਪ੍ਰੀਤ ਸਿੰਘ ਖਾਲਸਾ, ਪ੍ਰਿੰਸੀਪਲ ਬਲਜੀਤ ਸਿੰਘ ਨੇ ਗੁਰੂ ਇਤਿਹਾਸ ਦੀ ਕਥਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਨੇ ਸਾਨੂੰ ਵਹਿਮਾਂ ਭਰਮਾਂ ਤੋਂ ਦੁੂਰ ਕਰਦੇ ਹੋਏ ਅਮੀਰ, ਗਰੀਬ, ਜਾਤ-ਪਾਤ ਵਰਗੇ ਹਰ ਵਿਤਕਰੇ ਨੂੰ ਮਿਟਾਇਆ ਤੇ ਅੱਜ ਅਸੀਂ ਫ਼ਿਰ ਆਪਣੇ ਸੁਆਰਥਾਂ ਦੀ ਖਾਤਰ ਖੁਦ ਨੂੰ ਸਭ ਤੋਂ ਉਪਰ ਰੱਖ ਕੇ ਦੂਜੇ ਨੂੰ ਨੀਵਾਂ ਦੇਖਣਾ ਚਾਹੁੰਦੇ ਹਾਂ। ਸਾਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਗਰੀਬ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ, ਇਸਤਰੀ ਜਾਤੀ ਦਾ ਪੂਰਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਲੰਗਰ ਸਾਨੂੰ ਗੁਰੂ ਨਾਨਕ ਦੀ ਬਾਣੀ ਦੇ ਲਗਾਣੇ ਚਾਹੀਦੇ ਹਨ ਤਾਂ ਹੀ ਸਾਡਾ ਗੁਰਪੁਰਬ ਮਨਾਉਣਾ ਸਫ਼ਲ ਹੋਵੇਗਾ। ਕਮੇਟੀ ਦੇ ਸਾਰੇ ਮੈਂਬਰ ਅਤੇ ਭਾਰੀ ਗਿਣਤੀ ਵਿਚ ਸੰਗਤ ਵੀ ਮੌਜੂਦ ਰਹੀ।