ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਦਸੰਬਰ
ਆਮ ਆਦਮੀ ਪਾਰਟੀ ਦੇ ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਦਿੱਲੀ ਦੇ ਲੋਕ ਭਾਜਪਾ ਸ਼ਾਸਿਤ ਐੱਮਸੀਡੀ ਵਿੱਚ ਬਦਲਾਅ ਲਈ ਬੇਤਾਬ ਹਨ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ‘ਐੱਮਸੀਡੀ ‘ਚ ਬਦਲਾਅ’ ਮੁਹਿੰਮ ਦੇ ਤਹਿਤ ਦਿੱਲੀ ਦੇ ਲੋਕਾਂ ਤੋਂ ‘ਐੱਮਸੀਡੀ’ ਨਾਲ ਜੁੜੇ ਕਈ ਸਵਾਲ ਪੁੱਛੇ। ਜਦੋਂ ਲੋਕਾਂ ਨੂੰ ਐੱਮਸੀਡੀ ਵਿੱਚ ਭ੍ਰਿਸ਼ਟਾਚਾਰ, ਸਫਾਈ, ਘੁਟਾਲੇ ਵਾਲੇ ਕਰਮਚਾਰੀਆਂ ਦੀ ਹੜਤਾਲ ਆਦਿ ਬਾਰੇ ਪੁੱਛਿਆ ਤਾਂ ਹਰ ਕੋਈ ਇਸ ਗੱਲ ਨਾਲ ਸਹਿਮਤ ਸੀ ਕਿ ਭਾਜਪਾ ਆਪਣੇ 15 ਸਾਲਾਂ ਦੇ ਸ਼ਾਸਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਦਿੱਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਸਿਰਫ ‘ਆਪ’ ਸਰਕਾਰ ਹੀ ਐੱਮਸੀਡੀ ‘ਚ ਬਦਲਾਅ ਲਿਆ ਸਕਦੀ ਹੈ, ਐੱਮਸੀਡੀ ਦੀ ਵਿਗੜਦੀ ਹਾਲਤ ਨੂੰ ਸੁਧਾਰ ਸਕਦੀ ਹੈ। ਇਸ ਲਈ ਐੱਮਸੀਡੀ ਵਿੱਚ ਵੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਹੋਣੀ ਚਾਹੀਦੀ ਹੈ। ਐੱਮਸੀਡੀ ਇੰਚਾਰਜ ਪਾਠਕ ਨੇ ਦੱਸਿਆ ਕਿ ‘ਆਪ’ ਨੇ 5 ਦਸੰਬਰ ਨੂੰ ਦਿੱਲੀ ਭਰ ਵਿੱਚ ਐੱਮਸੀਡੀ ‘ਚ ਬਦਲਾਅ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਭਾਜਪਾ ਪਿਛਲੇ 15 ਸਾਲਾਂ ਤੋਂ ਐੱਮਸੀਡੀ ਦੀ ਸੱਤਾ ਵਿੱਚ ਹੈ। ਇਸ ਮੁਹਿੰਮ ਤਹਿਤ ਲੋਕਾਂ ਨੂੰ ਪੁੱਛਿਆ ਕਿ ਕੀ ਤੁਹਾਡੀ ਗਲੀ ਸਾਫ਼ ਹੈ? ਕੀ ਤੁਹਾਡੇ ਘਰ ਦਾ ਬਾਹਰਲਾ ਹਿੱਸਾ ਸਾਫ਼ ਹੈ ਜਾਂ ਕੂੜਾ ਹੈ। ਕੀ ਤੁਹਾਡੇ ਇਲਾਕੇ ਵਿੱਚ ਕੂੜੇ ਦਾ ਢੇਰ ਹੈ ਤਾਂ ਸਾਰਿਆਂ ਵੱਲੋਂ ਇੱਕੋ ਜਵਾਬ ਆਇਆ ਕਿ ਹਰ ਪਾਸੇ ਸਿਰਫ਼ ਤੇ ਸਿਰਫ਼ ਕੂੜਾ ਹੀ ਹੈ। ਸਾਰਿਆਂ ਨੇ ਮੰਨਿਆ ਕਿ ਭਾਜਪਾ ਆਪਣੇ 15 ਸਾਲਾਂ ਦੇ ਸ਼ਾਸਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਲੋਕਾਂ ਨੂੰ ਪੁੱਛਿਆ ਕਿ ਘਰ ਬਣਵਾਉਣ ਲਈ ਕੌਂਸਲਰਾਂ ਨੂੰ ਪੈਸੇ ਦੇਣੇ ਪਏ ਹਨ ਤਾਂ ਲਗਭਗ 99 ਫੀਸਦ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਘਰ ਲਈ ਭਾਜਪਾ ਕੌਂਸਲਰ ਨੂੰ ਪੈਸੇ ਦੇਣੇ ਪਏ ਹਨ। ਉਨ੍ਹਾਂ ਦੱਸਿਆ ਕਿ ਕੁੱਝ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਐੱਮਸੀਡੀ ਵਿੱਚ ਭਾਜਪਾ ਦੀ ਹਕੂਮਤ ਨੇ ਉਨ੍ਹਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਤਨਖਾਹ ਅਤੇ ਪੈਨਸ਼ਨ ਬਕਾਇਆ ਹੋਣ ਕਾਰਨ ਉਨ੍ਹਾਂ ਨੂੰ ਵਾਰ-ਵਾਰ ਹੜਤਾਲ ‘ਤੇ ਜਾਣਾ ਪੈਂਦਾ ਹੈ। ਸਾਰਿਆਂ ਨੇ ਕਿਹਾ ਕਿ ਜੇਕਰ ਐੱਮਸੀਡੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਘੱਟੋ-ਘੱਟ ਤਨਖਾਹ ਤਾਂ ਸਮੇਂ ਸਿਰ ਮਿਲ ਜਾਵੇਗੀ।