ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜਨਵਰੀ
ਭਾਰਤੀ ਯੂਥ ਕਾਂਗਰਸ ਨੇ ਅੱਜ ਕੌਮੀ ਪ੍ਰਧਾਨ ਸ਼੍ਰੀਨਿਵਾਸ ਬੀਵੀ ਦੀ ਅਗਵਾਈ ਹੇਠ ਪੈਗਾਸਸ ਜਾਸੂਸੀ ਦੇ ਮੁੱਦੇ ’ਤੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਇਸ ਮੌਕੇ ਦਿੱਲੀ ਪੁਲੀਸ ਨੇ ਕਈ ਯੂਥ ਕਾਂਗਰਸ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ।
ਕੌਮੀ ਪ੍ਰਧਾਨ ਨੇ ਕਿਹਾ ਕਿ ਪੈਗਾਸਸ ਸਾਫਟਵੇਅਰ ਰਾਹੀਂ ਵਿਰੋਧੀ ਧਿਰ ਦੇ ਨੇਤਾਵਾਂ, ਜੱਜਾਂ, ਮੀਡੀਆ ਦੇ ਸਾਥੀਆਂ ਅਤੇ ਹੋਰ ਨਾਗਰਿਕਾਂ ਦੀ ਜਿਸ ਤਰ੍ਹਾਂ ਦੀ ਜਾਸੂਸੀ ਤੇ ਬਲੈਕਮੇਲਿੰਗ ਕੀਤੀ ਜਾਂਦੀ ਹੈ, ਜਿਸ ਦਾ ਸਬੂਤ ਹੁਣ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਪੈਗਾਸਸ ਖਰੀਦਣ ਅਤੇ ਜਾਸੂਸੀ ਕਰਨ ਵਿੱਚ ਰੁੱਝੇ ਹੋਏ ਹਨ ਜਦੋਂ ਕਿ ਬੇਰੁਜ਼ਗਾਰ ‘ਨੌਕਰੀਆਂ’ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨੇ ਜੁਲਾਈ 2021 ਵਿੱਚ ਸਰਕਾਰ ਨੂੰ ਦੋ ਸਵਾਲ ਪੁੱਛੇ ਸਨ, ਜਿਨ੍ਹਾਂ ਦਾ ਪ੍ਰਧਾਨ ਮੰਤਰੀ ਨੇ ਜਵਾਬ ਨਹੀਂ ਦਿੱਤਾ ਪਰ ਨਿਊਯਾਰਕ ਤੋਂ ਰਿਪੋਰਟ ਮਿਲੀ ਕਿ ਭਾਰਤ ਸਰਕਾਰ ਨੇ ਪੈਗਾਸਸ ਖਰੀਦੇ ਹਨ? ਕੀ ਤੁਸੀਂ ਇਸ ਦੀ ਵਰਤੋਂ ਆਪਣੇ ਹੀ ਲੋਕਾਂ ’ਤੇ ਕੀਤੀ ਸੀ? ਹੁਣ ਜਵਾਬ ਬਿਲਕੁਲ ਸਪੱਸ਼ਟ ਹੈ। ਬੀਵੀ ਨੇ ਵੀ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੰਵਿਧਾਨ ਤੇ ਕਾਨੂੰਨ ਦੋਵਾਂ ਦਾ ਕਤਲ ਕੀਤਾ ਜਾ ਰਿਹਾ ਹੈ। ਲੋਕਤੰਤਰ ਨੂੰ ਪੈਰਾਂ ਹੇਠ ਮਿੱਧਿਆ ਜਾ ਰਿਹਾ ਹੈ। ਦੇਸ਼ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਦਬਾਇਆ ਜਾ ਰਿਹਾ ਹੈ! ਮੋਦੀ ਸਰਕਾਰ ਨੇ ਦੇਸ਼ ਧ੍ਰੋਹ ਕੀਤਾ ਹੈ, ਰਾਸ਼ਟਰੀ ਸੁਰੱਖਿਆ ਨਾਲ ਖਿਲਵਾੜ ਕੀਤਾ ਹੈ। ਰਾਹੁਲ ਗਾਂਧੀ ਸਮੇਤ ਦੇਸ਼ ਦੇ ਵਿਰੋਧੀ ਧਿਰ ਦੇ ਨੇਤਾਵਾਂ, ਵੱਖ-ਵੱਖ ਸਤਿਕਾਰਤ ਮੀਡੀਆ ਸੰਸਥਾਵਾਂ ਦੇ ਪੱਤਰਕਾਰਾਂ ਤੇ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕਾਂ ਦੀ ਜਾਸੂਸੀ ਕੀਤੀ ਗਈ। ਭਾਰਤੀ ਜਨਤਾ ਪਾਰਟੀ ਦਾ ਨਾਮ ਬਦਲ ਕੇ #ਭਾਰਤੀਜਾਸੂਸਪਾਰਟੀ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਐੱਨਐੱਸਓ ਨੇ ਕਿਹਾ ਸੀ ਕਿ ਪੈਗਾਸਸ ਦੀ ਵਰਤੋਂ ਸਰਕਾਰਾਂ ਵੱਲੋਂ ਕੱਟੜਪੰਥ ਨਾਲ ਲੜਨ ਲਈ ਕੀਤੀ ਜਾਂਦੀ ਹੈ, ਜਦਕਿ ਅਸਲ ਵਿੱਚ ਪੈਗਾਸਸ ਦੀ ਵਰਤੋਂ ਮੋਦੀ ਦੇ ਵਿਰੋਧੀਆਂ ਵਿਰੁੱਧ ਕੀਤੀ ਜਾਂਦੀ ਹੈ।