ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜਨਵਰੀ
ਇਥੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਸੈਂਟਰ ਫਾਰ ਸੋਸ਼ਲ ਮੈਡੀਸਨ ਐਂਡ ਕਮਿਉਨਿਟੀ ਹੈਲਥ ਵਿਭਾਗ (ਸਕੂਲ ਆਫ ਸੋਸ਼ਲ ਸਾਇੰਸਜ) ਵੱਲੋਂ ‘ਕਿਸਾਨ ਅੰਦੋਲਨ ਦੀ ਜਿੱਤ ਤੇ ਜਮਹੂਰੀ ਲਹਿਰ ਲਈ ਸਬਕ’ ਵਿਸ਼ੇ ’ਤੇ ਵਿਚਾਰ ਚਰਚਾ ਕਰਵਾਈ ਗਈ। ਚਰਚਾ ਵਿੱਚ ਮੁੱਖ ਬੁਲਾਰੇ ਵੱਜੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸ਼ਿਰਕਤ ਕੀਤੀ। ਉਨ੍ਹਾਂ ਜਮਹੂਰੀ ਲਹਿਰ ਲਈ ਘੋਲ ਤੋਂ ਲਏ ਸਬਕਾਂ ਬਾਰੇ ਬੋਲਦਿਆਂ ਕਿਹਾ ਕੇ ਇਸ ਸੰਘਰਸ਼ ਨੇ ਜਮਹੂਰੀ ਘੋਲਾਂ ਲਈ ਨਵੇਂ ਰਾਹ ਖੋਲ੍ਹੇ ਨੇ ਤੇ ਇਸ ਘੋਲ ਨੇ ਗੈਰ ਪਾਰਲੀਮਾਨੀ ਸੰਘਰਸ਼ਾਂ ਦੀ ਅਹਿਮੀਅਤ ਸਥਾਪਤ ਕਰ ਦਿੱਤੀ ਹੈ। ਜਿਸਨੇ ਦੇਸ਼ ਦੀ ਪਾਰਲੀਮੈਂਟ ਚ ਇੱਕ ਵੀ ਕਿਸਾਨ ਨੁਮਾਇੰਦਾ ਨਾ ਹੋਣ ਦੇ ਬਾਵਜੂਦ ਦੇਸ਼ ਦੀ ਪਾਰਲੀਮੈਂਟ ਵਿੱਚ ਸਭ ਤੋਂ ਮਜ਼ਬੂਤ ਪਾਰਟੀ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿੱਤਾ। ਇਸ ਅੰਦੋਲਨ ਨੇ ਇਹ ਵੀ ਸਾਬਿਤ ਕੀਤਾ ਕੇ ਹਕੂਮਤ ਪੱਖੀ ਮੀਡੀਆ ਬਹੁਤ ਮਜ਼ਬੂਤ ਹੋਣ ਦੇ ਬਾਵਜੂਦ ਵੀ ਜੇਕਰ ਸੰਘਰਸ਼ ਦਾ ਬਿਰਤਾਂਤ ਲੋਕਾਈ ’ਚ ਪਹੁੰਚ ਜਾਵੇ ਤਾਂ ਹਕੂਮਤ ਪੱਖੀ ਮੀਡੀਆ ਵੀ ਬੇਅਸਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਘੋਲ ਨੇ ਫਾਸ਼ੀਵਾਦੀ ਹਕੂਮਤਾਂ ਨੂੰ ਦੁਨੀਆਂ ਵਿੱਚ ਹਰਾਉਣ ਲਈ ਤਜਰਬੇ ਵਿੱਚ ਵਾਧਾ ਕੀਤਾ ਹੈ। ਫਾਸ਼ੀਵਾਦ ਖ਼ਿਲਾਫ਼ ਜਿੱਤ ਲਈ ਮਜ਼ਦੂਰ ਜਮਾਤ ਨੂੰ ਹੁਣ ਤੱਕ ਨਿਰਣਾਇਕ ਮੰਨਿਆ ਜਾਂਦਾ ਰਿਹਾ। ਇਸ ਘੋਲ ਨੇ ਫਾਸ਼ੀਵਾਦੀ ਹਕੂਮਤ ਨੂੰ ਹਰਾਉਣ ਵਿੱਚ ਪੱਛੜੇ ਮੁਲਕਾਂ ਵਿੱਚ ਕਿਸਾਨੀ ਜਮਾਤ ਦੇ ਅਹਿਮ ਰੋਲ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਹੈ। ਇਸ ਮੌਕੇ ਜੇਐਨਯੁੂ ਦੇ ਪ੍ਰੋਫੈਸਰ ਡਾਕਟਰ ਵਿਕਾਸ ਬਾਜਪਾਈ ਨੇ ਵਿਚਾਰ ਚਰਚਾ ’ਚ ਭਾਗ ਲੈਂਦਿਆਂ ਕਿਹਾ ਕੇ ਕਿਸਾਨ ਅੰਦੋਲਨ ਨੇ ਦੇਸ਼ ’ਚ ਮੰਦੀ ਤੇ ਗੈਰ ਜਮਹੂਰੀ ਮਾਹੌਲ ਦੇ ਨਿਰਾਸ਼ਾਮਈ ਆਲਮ ’ਚ ਇੱਕ ਆਸ ਦੀ ਕਿਰਨ ਪੈਦਾ ਕੀਤੀ ਹੈ। ਇਸ ਮੌਕੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਚਰਚਾ ਵਿੱਚ ਭਾਗ ਲਿਆ ਤੇ ਕੂਲੈਕਟਿਵ ਨਾਮੀ ਸੰਸਥਾ ਨੇ ਇਸ ਮੌਕੇ ਪ੍ਰਦਰਸ਼ਨੀ ਵੀ ਲਾਈ