ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਜੁਲਾਈ
ਏਮਜ਼ ’ਚ ਦਾਖਲ ਇੱਕ ਮਰੀਜ਼ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਿਛਲੇ ਕੁਝ ਮਹੀਨਿਆਂ ਵਿੱਚ ਏਮਜ਼ ਵਿੱਚ ਖ਼ੁਦਕੁਸ਼ੀ ਦੀ ਇਹ ਤੀਜੀ ਘਟਨਾ ਹੈ। ਫਿਲਹਾਲ ਉਥੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਦਿੱਲੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਦੱਖਣੀ ਜ਼ਿਲ੍ਹਾ ਡੀਸੀਪੀ ਅਤੁੱਲ ਠਾਕੁਰ ਅਨੁਸਾਰ ਮ੍ਰਿਤਕ ਰਾਜਾਮਣੀ (35) ਮੱਧ ਪ੍ਰਦੇਸ਼ ਦੇ ਸਤਨਾ ਦਾ ਰਹਿਣ ਵਾਲਾ ਸੀ। ਪੰਜ-ਛੇ ਮਹੀਨੇ ਪਹਿਲਾਂ ਉਸਦਾ ਅੰਤੜੀਆਂ ਦਾ ਆਪਰੇਸ਼ਨ ਹੋਇਆ ਸੀ, ਉਦੋਂ ਤੋਂ ਹੀ ਉਹ ਏਮਜ਼ ਵਿੱਚ ਦਾਖਲ ਸੀ। ਅੱਜ ਸਵੇਰੇ ਉਸਨੇ ਹਸਪਤਾਲ ਦੇ ਬਾਥਰੂਮ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਏਮਜ਼ ਦਾ ਇੱਕ 25 ਸਾਲਾ ਜੂਨੀਅਰ ਨਿਵਾਸੀ ਡਾਕਟਰ ਹੋਸਟਲ ਦੀ ਦਸਵੀਂ ਮੰਜ਼ਿਲ ਤੋਂ ਛਾਲ ਮਾਰ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ।
ਬਾਲਕ ਰਾਮ ਹਸਪਤਾਲ ਦੀ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ
ਨਵੀਂ ਦਿੱਲੀ, (ਪੱਤਰ ਪ੍ਰੇਰਕ): ਉੱਤਰੀ ਦਿੱਲੀ ਦੇ ਬਾਲਕ ਰਾਮ ਹਸਪਤਾਲ ਦੀ ਇਕ ਔਰਤ ਮੁਲਾਜ਼ਮ ਨੇ ਹਸਪਤਾਲ ਦੀ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਉਹ ਹਸਪਤਾਲ ਦੀ ਤੀਜੀ ਮੰਜ਼ਿਲ ਉਪਰ ਪੁੱਜੀ ਤੇ ਹੇਠਾਂ ਛਾਲ ਮਾਰ ਦਿੱਤੀ। ਉਸ ਦੀ ਪਛਾਣ 53 ਸਾਲਾਂ ਦੀ ਕੌਸ਼ਲਿਆ ਦੇਵੀ ਵਜੋਂ ਹੋਈ, ਜੋ ਦਿੱਲੀ ਦੇ ਢਾਕਾ ਪਿੰਡ ਦੀ ਰਹਿਣ ਵਾਲੀ ਸੀ। ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਅਰੁਣਾ ਆਸਿਫ਼ ਅਲੀ ਹਸਪਤਾਲ ਪੁੱਜਦਾ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਮਗਰੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਪਿੱਛੇ ਦੋ ਪੁੱਤਰ ਤੇ ਇਕ ਧੀ ਛੱਡ ਗਈ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦੱਸੀ ਜਾ ਰਹੀ ਸੀ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।