ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਦਿੱਲੀ ਮੈਟਰੋ ਦੀ ‘ਬਲੂ ਲਾਈਨ’ ਦੀਆਂ ਓਵਰਹੈੱਡ ਤਾਰਾਂ ਵਿੱਚ ਨੁਕਸ ਪੈਣ ਕਾਰਨ ਮੈਟਰੋ ਸੇਵਾਵਾਂ ਵਿੱਚ ਵਿਘਨ ਪਿਆ। ਇਸ ਕਾਰਨ ਇਸ ਲਾਈਨ ਦੇ ਕੁੱਝ ਹਿੱਸਿਆਂ ਉੱਤੇ ਕਰੀਬ 2 ਘੰਟਿਆਂ ਦੀ ਦੇਰੀ ਮਗਰੋਂ ਰੇਲ ਸੇਵਾ ਬਹਾਲ ਹੋ ਸਕੀ। ਇਸ ਦੌਰਾਨ ਯਾਤਰੀ ਪ੍ਰੇਸ਼ਾਨ ਹੋਏ ਤੇ ਆਪਣੀਆਂ ਮੰਜ਼ਿਲਾਂ ਤੱਕ ਦੇਰ ਨਾਲ ਪਹੁੰਚੇ। ਇਸ ਕਾਰਨ ਵੱਡੀ ਗਿਣਤੀ ਮੁਸਾਫ਼ਿਰ ਆਟੋ ਰਿਕਸ਼ੇ ਅਤੇ ਕੈਬ ਆਦਿ ਰਾਹੀਂ ਆਪਣੇ ਕੰਮਾਂ ’ਤੇ ਪੁੱਜੇ। ਇਕਦਮ ਆਈ ਇਸ ਪ੍ਰੇਸ਼ਾਨੀ ਕਾਰਨ ਲੋਕਾਂ ਨੂੰ ਵਾਹਨਾਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ। ਬੀਤੇ ਚਾਰ ਦਿਨਾਂ ਤੋਂ ਇਹ ਤੀਜੀ ਵਾਰ ਹੈ ਕਿ ਬਲੂ ਲਾਈਨ ਦੀਆਂ ਸੇਵਾਵਾਂ ਵਿੱਚ ਤਕਨੀਕੀ ਖ਼ਰਾਬੀ ਕਾਰਨ ਯਾਤਰੀਆਂ ਨੂੰ ਖੱਜਲ ਹੋਣਾ ਪਿਆ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਮੁਤਾਬਕ ਬਾਕੀ ਲਾਈਨਾਂ ਉੱਪਰ ਮੈਟਰੋ ਆਮ ਵਾਂਗ ਚੱਲਦੀ ਰਹੀ। ਬਲੂ ਲਾਈਨ ਦੁਆਰਕਾ ਸੈਕਟਰ-21 ਤੋਂ ਵੈਸ਼ਾਲੀ/ਨੋਇਡਾ ਇਲੈਕਟ੍ਰਾਨਿਕ ਸਿਟੀ ਦਰਮਿਆਨ ਚੱਲਦੀ ਹੈ ਤੇ ਹੋਰ ਲਾਈਨਾਂ ਨਾਲ ਵੀ ਜੁੜਦੀ ਹੈ। ਇਸ ਸਬੰਧੀ ਮੈਟਰੋ ਵੱਲੋਂ ਦੱਸਿਆ ਗਿਆ ਹੈ ਕਿ ਓਵਰਹੈੱਡ ਤਾਰ ਕਿਸੇ ਪੰਛੀ ਜਾਂ ਹੋਰ ਕਿਸੇ ਚੀਜ਼ ਦੇ ਵੱਜਣ ਕਾਰਨ ਨੁਕਸਾਨੀ ਗਈ। ਜੰਗੀ ਪੱਧਰ ’ਤੇ ਤਾਰਾਂ ਦੀ ਮੁਰੰਮਤ ਕੀਤੀ ਗਈ ਜਿਸ ਮਗਰੋਂ ਸੇਵਾਵਾਂ ਮੁੜ ਚਾਲੂ ਹੋਈਆਂ। ਇਸ ਖ਼ਰਾਬੀ ਕਾਰਨ ਇੰਦਰਪ੍ਰਸਥ ਤੇ ਯਮੁਨਾ ਬੈਂਕ ਦੇ ਸਟੇਸ਼ਨਾਂ ਦਰਮਿਆਨ ਸੇਵਾਵਾਂ ਬੰਦ ਕਰਨੀਆਂ ਪਈਆਂ। ਇਸ ਦੌਰਾਨ ਬਲੂ ਲਾਈਨ ਦੇ ਯਮੁਨਾ ਬੈਂਕ ਤੋਂ ਵੈਸ਼ਾਲੀ/ਨੋਇਡਾ ਲਾਈਨ ਲਈ ਸੇਵਾਵਾਂ ਚੱਲਦੀਆਂ ਰਹੀਆਂ। ਇਸੇ ਤਰ੍ਹਾਂ ਇੰਦਰਪ੍ਰਸਤ ਤੋਂ ਦੁਆਰਕਾ ਤੱਕ ਸੇਵਾਵਾਂ ਜਾਰੀ ਰਹੀਆਂ।
ਸੋਮਵਾਰ ਨੂੰ ਵੀ ਇਨ੍ਹਾਂ ਦੋਨਾਂ ਸਟੇਸ਼ਨਾਂ ਦਰਮਿਆਨ ਸੇਵਾਵਾਂ ਸ਼ਾਮ 6.35 ਵਜੇ ਤੋਂ ਰਾਤ 8 ਵਜੇ ਤੱਕ ਪ੍ਰਭਾਵਿਤ ਹੋਈਆਂ ਸਨ।