ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਫਰਵਰੀ
ਆਲ ਇੰਡੀਆ ਪੇਰੈਂਟਸ ਐਸੋਸੀਏਸ਼ਨ (ਏਆਈਪੀਏ) ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਟੀਕਾਕਰਨ ਕੇਂਦਰਾਂ ਨੂੰ ਹੋਰ ਥਾਵਾਂ ’ਤੇ ਤਬਦੀਲ ਕੀਤਾ ਜਾਵੇ ਤੇ ਕੋਵਿਡ ਡਿਊਟੀ ਉੱਤੇ ਤਾਇਨਾਤ ਅਧਿਆਪਕਾਂ ਨੂੰ ਵਾਪਸ ਸਕੂਲਾਂ ਵਿਚ ਬੁਲਾਇਆ ਜਾਵੇ। ਇਹ ਪੱਤਰ ਕੋਵਿਡ ਦੇ ਮਾਮਲਿਆਂ ਵਿੱਚ ਘਾਟ ਦੇ ਨਾਲ-ਨਾਲ ਰਾਸ਼ਟਰੀ ਰਾਜਧਾਨੀ ਵਿੱਚ ਲੰਬੇ ਸਮੇਂ ਤੱਕ ਬੰਦ ਰਹਿਣ ਤੋਂ ਬਾਅਦ ਸਕੂਲ ਮੁੜ ਖੋਲ੍ਹਣ ਤੋਂ ਬਾਅਦ ਆਇਆ ਹੈ।
ਏਆਈਪੀਏ ਦੇ ਪ੍ਰਧਾਨ ਅਸ਼ੋਕ ਅਗਰਵਾਲ ਨੇ ਕਿਹਾ ਕਿ ਹੁਣ ਜਦੋਂ ਵਿਦਿਆਰਥੀ ਸਕੂਲ ਪਰਤਣੇ ਸ਼ੁਰੂ ਹੋ ਗਏ ਹਨ ਸਰਕਾਰੀ ਸਕੂਲਾਂ ਵਿੱਚ ਚੱਲ ਰਹੇ ਟੀਕਾਕਰਨ ਕੇਂਦਰਾਂ ਨੂੰ ਹੋਰ ਥਾਵਾਂ ’ਤੇ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਕੋਵਿਡ ਡਿਊਟੀ ਉੱਤੇ ਤਾਇਨਾਤ ਅਧਿਆਪਕਾਂ ਨੂੰ ਵਾਪਸ ਬੁਲਾਇਆ ਜਾਣਾ ਚਾਹੀਦਾ ਹੈ ਕਿਉਂਕਿ ਕੇਸਾਂ ਦੀ ਗਿਣਤੀ ਕਾਫ਼ੀ ਘਟ ਗਈ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸੁਰੱਖਿਅਤ ਮਾਹੌਲ ਦੇਣਾ ਮਹੱਤਵਪੂਰਨ ਹੈ ਜਿੱਥੇ ਉਹ ਪੜ੍ਹਾਈ ‘ਤੇ ਧਿਆਨ ਕੇਂਦਰਿਤ ਕਰ ਸਕਣ ਕਿਉਂਕਿ ਸਕੂਲ ਬੰਦ ਹੋਣ ਕਾਰਨ ਪਹਿਲਾਂ ਹੀ ਵੱਡਾ ਨੁਕਸਾਨ ਹੋਇਆ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਸੱਤ ਫਰਵਰੀ ਤੋਂ 9ਵੀਂ-12ਵੀਂ ਜਮਾਤ ਦੇ ਸਕੂਲਾਂ ਦੇ ਨਾਲ-ਨਾਲ ਉੱਚ ਸਿੱਖਿਆ ਸੰਸਥਾਵਾਂ ਤੇ ਕੋਚਿੰਗ ਸੈਂਟਰਾਂ ਨੂੰ ਦੁਬਾਰਾ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ। ਨਰਸਰੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਮੁੜ ਖੋਲ੍ਹਣ ਦਾ ਵੀ ਫ਼ੈਸਲਾ 14 ਫਰਵਰੀ ਤੋਂ ਕੀਤਾ ਗਿਆ ਸੀ।