ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 12 ਮਾਰਚ
ਦਿੱਲੀ ਦੀਆਂ ਬਰੂਹਾਂ ’ਤੇ ਤਿੰਨੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਮੋਰਚੇ ਲਾਈ ਬੈਠੇ ਕਿਸਾਨਾਂ ਦੇ ਹੱਕ ਵਿੱਚ ਦਿੱਲੀ ਦੇ ਨਜਫਗੜ੍ਹ ਵਿੱਚ ਪੰਚਾਇਤ ਕੀਤੀ ਗਈ ਜਿਸ ਵਿੱਚ ਲਗਪੱਗ 100 ਪਿੰਡਾਂ ਤੇ ਸ਼ਹਿਰੀ ‘ਆਰਡਬਲਯੂਏ’ ਦੇ ਪ੍ਰਤੀਨਿਧੀਆਂ ਨੇ ਮਿਲ ਕੇ ਕਿਸਾਨੀ ਲਹਿਰ ਲਈ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਭਵਿੱਖ ਦੀ ਨੀਤੀ ਲਈ 21 ਲੋਕਾਂ ਦੀ ਕਮੇਟੀ ਵੀ ਬਣਾਈ ਗਈ। ਇਸ ਪੰਚਾਇਤ ਦੀ ਪ੍ਰਧਾਨਗੀ ਓਮ ਪ੍ਰਕਾਸ਼ ਸਹਿਰਾਵਤ ਨੇ ਕੀਤੀ ਤੇ ਵੱਖ-ਵੱਖ ਸੰਗਠਨ ਅਤੇ ਦਿੱਲੀ ਦਿਹਾਤੀ ਦੇ ਪਿੰਡ ਵਾਸੀਆਂ ਦੇ ਨਾਲ, ਇਸ ਵਾਰ ਸ਼ਹਿਰ ਦੇ ਸੰਗਠਨਾਂ, ਆਰਡਬਲਯੂਏ, ਜਿਵੇਂ ਕਿ ਕੌਨਰਵਾ, ਚੇਤਨਾ, ਸੇਵ ਸਿਟੀ ਤੇ ਸੰਸਥਾਵਾਂ ਨੇ ਵੀ ਸਰਗਰਮ ਹਿੱਸਾ ਲਿਆ ਅਤੇ ਆਪਣਾ ਯੋਗਦਾਨ ਪਾਇਆ। ਔਰਤਾਂ ਦੀ ਭਾਗੀਦਾਰੀ ਦੀ ਵੀ ਪ੍ਰਸੰਸਾਂ ਕੀਤੀ ਗਈ ਤੇ ਇਹ ਪੰਚਾਇਤ ਤਕਰੀਬਨ ਤਿੰਨ ਘੰਟੇ ਚੱਲੀ। ਪੰਚਾਇਤ ’ਚ ਮੁੰਡਕਾ, ਬਿਜਵਾਸਨ, ਭਰਤਾਲ, ਮੁੰਡੇਲਾ, ਧੰਸਾ, ਟਿੱਕਰੀ ਕਲਾਂ, ਨੀਲਵਾਲ, ਕਰਾਲਾ, ਉਜਵਾ, ਦਿਚੌਕਾਲਾ, ਝੜੌਦਾ, ਧੂਲ ਸਿਰਸ, ਮਿਲਕਪੁਰ, ਈਸਾਪੁਰ, ਖੱਡਾ ਖਾੜੀ ਰੋਂਧ, ਸਮਸਪੁਰ, ਗਾਲਬਪੁਰ, ਬਕਰਗੜ, ਕੈਰ, ਮੈਦਾਨ ਗੜ੍ਹੀ, ਸ਼ਾਦੀਪੁਰ, ਬੁਰਾੜੀ, ਦਰਿਆਪੁਰ, ਨੰਗਾਲੀ, ਮੰਗਲਾਪੁਰੀ, ਮੁਨੀਰਕਾ ਅਤੇ ਹੋਰ ਪਿੰਡਾਂ ਦੇ ਨੁਮਾਇੰਦੇ ਸ਼ਾਮਲ ਹੋਏ।
ਸਭ ਤੋਂ ਉਤਸ਼ਾਹਜਨਕ ਗੱਲ ਇਹ ਸੀ ਕਿ ਸ਼ਹਿਰ ਦੇ ਨੁਮਾਇੰਦਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਖੇਤੀਬਾੜੀ ਦਾ ਕਾਨੂੰਨ ਬੇਅੰਤ ਭੰਡਾਰ ਕਰਨ ਦੀ ਛੋਟ ਦਿੰਦਾ ਹੈ ਇਸ ਨਾਲ ਪੇਂਡੂ ਹੀ ਨਹੀਂ ਸਗੋਂ ਸ਼ਹਿਰ ਦੇ ਆਮ ਲੋਕਾਂ ਨੂੰ ਨੁਕਸਾਨ ਹੋ ਜਾਵੇਗਾ। ਸ਼ਹਿਰੀਆਂ ਨੂੰ ਆਮ ਵਰਤੋਂ ਲਈ ਮਹਿੰਗੀਆਂ ਚੀਜ਼ਾਂ ਮਿਲਣਗੀਆਂ। ਇਸ ਲਈ ਸ਼ਹਿਰ ਦੇ ਲੋਕ ਇਨ੍ਹਾਂ ਕਾਨੂੰਨਾਂ ਦਾ ਸਖਤ ਵਿਰੋਧ ਕਰਦੇ ਹਨ। ‘ਅਵਰ ਸਿਟੀ’ ਤੋਂ ਆਏ ਰਾਜੀਵ ਕਾਕਰੀਆ ਨੇ ਕਿਹਾ, ‘ਅਸੀਂ ਸ਼ਹਿਰੀ ਵਿੱਚ ਅਜਿਹੀਆਂ ਵੱਡੀਆਂ ਪੰਚਾਇਤਾਂ ਨਹੀਂ ਕਰ ਸਕਦੇ, ਨਾ ਹੀ ਸਾਡੇ ਕੋਲ ਸਮਾਂ ਹੈ ਤੇ ਕਈ ਵਾਰ ਸਾਡੇ ਕੋਲ ਹਿੰਮਤ ਵੀ ਨਹੀਂ ਹੁੰਦੀ ਕਿਉਂਕਿ ਕਿਸਾਨਾਂ ਦੇ ਹੋਰ ਸਾਥੀ, ਭਰਾ ਹਨ। ਪਰ ਅੱਜ ਕਿਸਾਨ ਭਰਾਵਾਂ ਨੇ ਇਸ ਪੰਚਾਇਤ ਵਿੱਚ ਇਕ ਮੌਕਾ ਦਿੱਤਾ ਹੈ, ਫਿਰ ਅਸੀਂ ਆਪਣਾ ਪੂਰਾ ਸਮਰਥਨ ਦੇ ਰਹੇ ਹਾਂ ਅਤੇ ਦਿੰਦੇ ਰਹਾਂਗੇ’
ਆਰ ਕੇ ਪੁਰਮ ਦੇ ਅਧਿਆਪਕ ਟੀ ਆਰ ਲੋਕੇਸ਼ ਕੁਮਾਰ ਨੇ ਕਿਸਾਨਾਂ ਦੇ ਮੋਰਚਿਆਂ ਨੂੰ ਸਮਰਥਨ ਦਿੱਤਾ। ਅਨਿਲ ਸੂਦ, ਚੇਤਨਾ ਨੇ ਫਿਰ ਅੰਦੋਲਨ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ। ਨਵਨੀਤ ਰਿਵਾੜੀ ਨੇ ਕਿਹਾ ਕਿ ਦਿੱਲੀ ਦੇ ਲੋਕ ਕਿਸਾਨਾਂ ਦੇ ਨਾਲ ਹਨ।