ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਪਰੈਲ
ਪੰਥਕ ਸੇਵਾ ਦਲ ਦੇ ਸ਼ਿਵ ਨਗਰ ਤੋਂ ਉਮੀਦਵਾਰ ਮਲਕੀਤ ਸਿੰਘ ਪਾਹਵਾ ਵੱਲੋਂ ਅੱਜ ਵਿਸਾਖੀ ਦੀਆਂ ਵਧਾਈ ਸਿੱਖ ਕੌਮ ਨੂੰ ਦਿੰਦੇ ਹੋਏ ਇਲਾਕੇ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨਾਲ ਮੁਲਾਕਾਤਾਂ ਕੀਤੀਆਂ ਤੇ ਚੋਣ ਪ੍ਰਚਾਰ ਲਈ ਕਮਰ ਕੱਸੀ। ਸ੍ਰੀ ਪਾਹਵਾ ਨੇ ਵਿਸਾਖੀ ਦੇ ਪਵਿੱਤਰ ਦਿਹਾੜੇ ਉੱਤੇ ਸੰਤਾਂ ਦੇ ਗੁਰਦੁਆਰੇ ਤੇ ਗੁਰਦੁਆਰਾ ਵਰਿੰਦਰ ਨਗਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੀ-ਬਲਾਕ, ਹਰੀ ਨਗਰ ਵਿੱਚ ਸੰਗਤ ਦੇ ਦਰਸ਼ਨ ਕੀਤੇ। ਉਨ੍ਹਾਂ ਗੁਰਦੁਆਰਾ ਰਾਮਗੜ੍ਹੀਆ ਵਿੱਚ ਵੀ ਮੱਥਾ ਟੇਕਿਆ। ਗੁਰਦੁਆਰੇ ਦੇ ਪ੍ਰਧਾਨ ਜਸਬੀਰ ਸਿੰਘ ਕਲਸੀ ਤੇ ਐੱਚਐੱਸ ਵਿਰਦੀ ਵੱਲੋਂ ਉਮੀਦਵਾਰ ਦਾ ਸਵਾਗਤ ਕੀਤਾ ਗਿਆ। ਸ੍ਰੀ ਪਾਹਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਮੁੱਖ ਜਰਨੈਲ ਹੀ ਚੋਣ ਅਖਾੜੇ ਵਿੱਚੋਂ ਲਾਂਭੇ ਹੋ ਗਏ ਹਨ ਤੇ ਜਾਗੋ ਦੇ ਮੁੱਖ ਅਹੁਦੇਦਾਰਾਂ ਖ਼ਿਲਾਫ਼ ਗੰਭੀਰ ਮਾਮਲੇ ਦਰਜ ਪਹਿਲਾਂ ਹੀ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਸਿੱਖਾਂ ਦੀ ਦੂਜੀ ਵੱਡੀ ਧਾਰਮਿਕ ਜੱਥੇਬੰੰਦੀ ਹੋਣ ਦੇ ਬਾਵਜੂਦ ਇਸ ਦੇ ਸਕੂਲਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਮੈਂਬਰਾਂ ਵੱਲੋਂ ਪੰਜਾਬੀ ਦਾ ਘਾਣ ਕੀਤਾ ਜਾ ਰਿਹਾ ਹੈ ਤੇ ਸਿੱਖਿਆ ਦਾ ਮਿਆਰ ਸਕੂਲੀ ਪੱਧਰ ਉਪਰ ਹੇਠਾਂ ਡਿੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਕਦੇ ਖ਼ਾਲਸਾ ਸਕੂਲਾਂ ਵਿੱਚ ਬੱਚਿਆਂ ਨੂੰ ਦਾਖ਼ਲਾ ਦਿਵਾਉਣਾ ਮਾਪਿਆਂ ਲਈ ਵੱਡਾ ਔਖਾ ਕਾਰਜ ਹੁੰਦਾ ਸੀ ਹੁਣ ਹਾਲਤ ਇਹ ਹਨ ਕਿ ਵਿਦਿਆਰਥੀਆਂ ਦੀ ਸਮਰੱਥਾ ਦਿਨੋਂ-ਦਿਨ ਘਟਦੀ ਜਾ ਰਹੀ ਹੈ।