ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਨਵੰਬਰ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਅਪੀਲ ਕੀਤੀ ਹੈ ਕਿ ਅਦਾਕਾਰਾ ਕੰਗਣਾ ਰਣੌਤ ਨੂੰ ਦਿੱਤਾ ਗਿਆ ਪਦਮਸ੍ਰੀ ਐਵਾਰਡ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਆਪਣੀਆਂ ਬੇਹੱਦ ਨਿੰਦਣਯੋਗ ਸੋਸ਼ਲ ਮੀਡੀਆ ਪੋਸਟਾਂ ਨਾਲ ਰਣੌਤ ਸਮਾਜ ’ਤੇ ਧੱਬਾ ਸਾਬਤ ਹੋ ਰਹੀ ਹੈ। ਰਾਸ਼ਟਰਪਤੀ ਨੂੰ ਲਿਖੇ ਇਕ ਪੱਤਰ ਵਿੱਚ ਸਿਰਸਾ ਨੇ ਕਿਹਾ ਕਿ ਪਦਮ ਸ੍ਰੀ ਐਵਾਰਡ ਜੇਤੂ ਅਦਾਕਾਰਾ ਕੰਗਣਾ ਰਣੌਤ ਨੇ ਇਕ ਵਾਰ ਫਿਰ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਖਾਸ ਤੌਰ ’ਤੇ ਸਿੱਖਾਂ ਨੂੰ ਖਾਲਿਸਤਾਨੀ ਅਤਵਿਾਦੀ ਕਹਿ ਕੇ ਉਨ੍ਹਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸਨੇ ਸੰਘਰਸ਼ ਕਰ ਰਹੇ ਕਿਸਾਨਾਂ ਖਾਸ ਤੌਰ ’ਤੇ ਸਿੱਖ ਭਾਈਚਾਰੇ ਦਾ ਅਪਮਾਨ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਪਹਿਲਾਂ ਇਸਨੇ ਸਿੰਘੂ ਬਾਰਡਰ ’ਤੇ ਸੰਘਰਸ਼ ਦਾ ਹਿੱਸਾ ਬਣੀ ਬਜ਼ੁਰਗ ਮਾਤਾ ਨੁੰ 100-100 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਵਾਲੀ ਦੱਸਿਆ ਸੀ। ਇੰਨਾ ਹੀ ਨਹੀਂ ਬਲਕਿ ਇਹ ਲਗਾਤਾਰ ਕਿਸਾਨਾਂ ਨੂੰ ਨਿਸ਼ਾਨਾ ਬਣਾਉਂਦੀ ਆ ਰਹੀ ਹੈ। ਹਾਲ ਹੀ ਵਿੱਚ ਇਸਨੇ ਸਮੁੱਚੇ ਦੇਸ਼ ਤੇ ਇਸਦੇ ਮਹਾਨ ਆਜ਼ਾਦੀ ਘੁਲਾਟੀਆਂ ਭਗਤ ਸਿੰਘ, ਸੁਖਦੇਵ, ਰਾਜਗੁਰੂ, ਚੰਦਰ ਸ਼ੇਖਰ ਆਜ਼ਾਦ ਆਦਿ ਦਾ ਇਹ ਕਹਿ ਕੇ ਅਪਮਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਸਤੇ ਜ਼ਹਿਰ ਉਗਲ ਰਹੀ ਹੈ। ਸਿਰਸਾ ਨੇ ਕਿਹਾ ਕਿ ਕੰਗਣਾ ਰਣੌਤ ਵਰਗੀ ਸੌੜੀ ਸੋਚ ਵਾਲੀ ਅਦਾਕਾਰਾ ਨੂੰ ਇਹ ਐਵਾਰਡ ਰੱਖਣ ਦਾ ਕੋਈ ਹੱਕ ਨਹੀਂ ਬਣਦਾ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਕਿ ਕਿਸਾਨਾਂ ਤੇ ਆਮ ਆਦਮੀ ਦੀਆਂ ਭਾਵਨਾਵਾਂ ਦਾ ਖਿਆਲ ਕਰਦਿਆਂ ਕਿਸਾਨਾਂ, ਸਿੱਖਾਂ ਤੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਕਰਨ ਲਈ ਇਸ ਤੋਂ ਪਦਮਸ੍ਰੀ ਐਵਾਰਡ ਤੁਰੰਤ ਵਾਪਸ ਲਿਆ ਜਾਵੇ।