ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੂਨ
ਫਰਾਂਸ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਜਾ ਰਹੇ 125 ਬੈਡਾਂ ਦੇ ਹਸਪਤਾਲ ਲਈ ਭੇਜਿਆ ਆਕਸੀਜਨ ਪਲਾਂਟ ਕਮੇਟੀ ਕੋਲ ਪਹੁੰਚ ਗਿਆ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਫਰਾਂਸ ਨੇ ਨੋਵਾ ਆਕਸੀਜਨ ਜਨਰੇਟਰ ਭੇਜਿਆ ਹੈ ਜੋ 125 ਬੈਡਾਂ ਦੇ ਹਸਪਤਾਲ ਵਾਸਤੇ ਫਿੱਟ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਫਰਾਂਸ ਦੀ ਸਰਕਾਰ ਨੇ ਦੋ ਆਕਸੀਜਨ ਪਲਾਂਟ ਭੇਜੇ ਹਨ ਜਿਹਨਾਂ ਵਿਚੋਂ ਇਕ ਏਮਜ਼ ਲਈ ਭੇਜਿਆ ਗਿਆ ਹੈ ਤੇ ਦੂਜਾ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਹਸਪਤਾਲ ਵਾਸਤੇ ਭੇਜਿਆ ਗਿਆ ਹੈ। ਉਹਨਾਂ ਦੱਸਿਆ ਕਿ ਉਨ੍ਹਾਂ ਨਾ ਫਰਾਂਸ ਸਰਕਾਰ ਕੋਲ ਤੇ ਨਾ ਹੀ ਇਥੇ ਕਿਸੇ ਫਰਾਂਸੀਸੀ ਅਧਿਕਾਰੀ ਕੋਲ ਪਹੁੰਚ ਕੀਤੀ ਸੀ। ਫਰਾਂਸ ਸਰਕਾਰ ਨੇ ਦਿੱਲੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲੋਕਾਂ ਦੀ ਕੀਤੀ ਜਾ ਰਹੀ ਸੇਵਾ ਨੂੰ ਵੇਖਦਿਆਂ ਆਪ ਇਹ ਪਲਾਂਟ ਭੇਜਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪਹਿਲਾਂ ਸੰਗਤਾਂ ਵੱਲੋਂ ਦਿੱਤਾ ਆਕਸੀਜਨ ਪਲਾਂਟ ਫਿੱਟ ਹੋ ਗਿਆ ਹੈ ਤੇ ਹੁਣ ਫਰਾਂਸ ਤੋਂ ਆਇਆ ਇਹ ਪਲਾਂਟ ਵੀ ਜਲਦੀ ਹੀ ਫਿੱਟ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ 125 ਬੈਡਾਂ ਦਾ ਹਸਪਤਾਲ ਪਹਿਲਾਂ ਕਰੋਨਾ ਹਸਪਤਾਲ ਵਜੋਂ ਕੰਮ ਕਰੇਗਾ ਤੇ ਫਿਰ ਹਾਲਾਤ ਆਮ ਵਰਗੇ ਹੋਣ ‘ਤੇ ਜਨਰਲ ਹਸਪਤਾਲ ਬਣ ਜਾਵੇਗਾ। ਇਸ ਵਿਚ 35 ਕਮਰੇ ਆਈਸੀਯੂ ਦੇ ਹੋਣਗੇ ਤੇ ਬੱਚਿਆਂ ਲਈ ਵਿਸ਼ੇਸ਼ ਵਾਰਡ ਬਣਾਏ ਜਾਣਗੇ। ਉਹਨਾਂ ਦੱਸਿਆ ਕਿ ਹਸਪਤਾਲ ਵਿਚ ਹੀ ਟੈਸਟਾਂ ਦੀਆਂ ਸਾਰੀਆਂ ਸਹੂਲਤਾਂ ਹੋਣਗੀਆਂ।