ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੁਲਾਈ
ਮਹਿਲਾਵਾਂ ਵੱਲੋਂ ਸਿੰਘੂ ਬਾਰਡਰ ’ਤੇ ਹਿੱਸੇਦਾਰੀ ਵਧਾਉਣ ਦਾ ਹੋਕਾ ਦਿੰਦਿਆਂ ਜਮਹੂਰੀ ਕਿਸਾਨ ਸਭਾ ਬੈਨਰ ਹੇਠ ਡਾਕਟਰ ਗਗਨਦੀਪ ਕੌਰ ਪ੍ਰਿੰਸੀਪਲ ਕਿਲਾ ਰਾਏਪੁਰ ਦੀ ਅਗਵਾਈ ਹੇਠ ਅੱਜ ਰੋਹ ਭਰਿਆ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਾਕਟਰ ਸਤਨਾਮ ਸਿੰਘ ਤੇ ਸਮਾਜ ਸੇਵਿਕਾ ਕੁਲਜੀਤ ਕੌਰ ਗਰੇਵਾਲ ਲੁਧਿਆਣਾ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐੱਸਕੇਐੱਮ ਵੱਲੋਂ ਜੋ ਮਹਿਲਾਵਾਂ ਵੱਲੋਂ ਜੰਤਰ ਮੰਤਰ ਕਿਸਾਨ ਸੰਸਦ ਦਿਲੀ ਵਿੱਚ ਹੋ ਰਹੀ ਹੈ ਤੇ ਦੁਨੀਆ ਨੂੰ ਹੋਕਾ ਦੇ ਰਹੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤਾਂ ਦਾ ਕਾਨੂੰਨ ਰੱਦ ਹੋਣ ਨਾਲ ਔਰਤਾਂ ਨੂੰ ਆਰਥਿਕ ਆਜ਼ਾਦੀ ਮਿਲੇਗੀ ਤੇ ਔਰਤਾਂ ਲਈ 50 ਫ਼ੀਸਦ ਸੀਟਾਂ ਸੰਸਦ ਵਿਚ ਰਾਖਵਾਂਕਰਨ ਦੀ ਮੰਗ ਕੀਤੀ। ਇਸ ਮੌਕੇ ਲੋਕਾਂ ਵੱਲੋਂ ਬੁਲਾਰਿਆਂ ਦਾ ਨਾਅਰੇ ਲਾ ਕੇ ਸਵਾਗਤ ਕੀਤਾ ਗਿਆ । ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੋਂ ਬਿਨਾਂ ਲੋਕ ਕਵੀ ਜਗੀਰ ਸਿੰਘ ਤਰਨ ਤਾਰਨ,ਕਿਸਾਨ ਆਗੂ ਮੁਖਤਿਆਰ ਸਿੰਘ ਮਲਾ, ਜਰਨੈਲ ਸਿੰਘ ,ਵਿਰਸਾ ਸਿੰਘ ਤਰੀਕਾ, ਅਵਤਾਰ ਸਿੰਘ ਬੁਟਾਰੀ, ਤਰਸੇਮ ਸਿੰਘ ਅੰਮ੍ਰਿਤਸਰ, ਮਨਜੀਤ ਸਿੰਘ ਤੇ ਕਰਮਜੀਤ ਕੌਰ ਨੇ ਵਿਚਾਰ ਪੇਸ਼ ਕੀਤੇ।
ਬੀਬੀਆਂ ਪਿੰਡਾਂ ’ਚ ਵੱਡੀ ਜ਼ਿੰਮੇਵਾਰੀ ਸੰਭਾਲਣਗੀਆਂ: ਬੁਰਜ਼ਗਿੱਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵੱਲੋਂ ਜੰਤਰ-ਮੰਤਰ ’ਤੇ ਕਰਵਾਈ ਔਰਤ ਕਿਸਾਨ-ਸੰਸਦ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਔਰਤਾਂ ਆਗੂਆਂ ਨੇ ਇਤਿਹਾਸ ਸਿਰਜ ਦਿੱਤਾ ਹੈ। ਇਹ ਪ੍ਰਗਟਾਵਾ ਸਿੰਘੂ-ਬਾਰਡਰ ਤੋਂ ਜਥਿਆਂ ਨੂੰ ਰਵਾਨਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਔਰਤ ਆਗੂਆਂ ਐਡਵੋਕੇਟ ਬਲਬੀਰ ਕੌਰ ਨੇ ਕਰਦਿਆਂ ਕਿਹਾ ਕਿ ਮੋਰਚਾ ਲੰਮਾ ਚੱਲਦਾ ਵੇਖਦਿਆਂ ਬੀਬੀਆਂ ਨੇ ਪਿੰਡਾਂ ’ਚ ਇਕਾਈ ਬਣਾ ਅਹਿਦ ਕਰ ਲਿਆ ਹੈ ਕਿ ਉਹ ਵੱਡੀ ਜ਼ਿੰਮੇਵਾਰੀ ਸੰਭਾਲਣਗੀਆਂ। ਉਨ੍ਹਾਂ ਕਿਹਾ ਕਿ ਔਰਤਾਂ ਨੇ ਆਪਣੇ ਨਾਲ ਹੋਣ ਵਾਲੇ ਸਮਾਜਿਕ ਵਿਤਕਰਿਆਂ ਨੂੰ ਵੀ ਉਭਾਰਿਆ ਹੈ ਅਤੇ ਅੰਦੋਲਨਾਂ ਰਾਹੀਂ ਹਰ ਤਰ੍ਹਾਂ ਦੀ ਬੇਇਨਸਾਫ਼ੀ ਖ਼ਿਲਾਫ਼ ਲੜਨ ਦੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ।