ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਅਪਰੈਲ
ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਏਮਜ਼ ਨੂੰ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਸੁਣਨ ਲਈ ਇੱਕ ਬੋਰਡ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਘਟਨਾ ਵਿਚ ਪਛਾਣੇ ਗਏ ਵਿਅਕਤੀਆਂ ’ਤੇ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਏਮਜ਼ ਨੇ ਆਪਣੇ ਕਰਮਚਾਰੀਆਂ ਤੇ ਫੈਕਲਟੀ ਮੈਂਬਰਾਂ ਨੂੰ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਸੀ ਕਿ ਸਟਾਫ਼ ਜਾਂ ਫੈਕਲਟੀ ਮੈਂਬਰ ਦਾ ਕੋਈ ਵੀ ਕਰਮਚਾਰੀ ਕਿਸੇ ਵੀ ਕਾਰਨ ਕਰਕੇ ਕੰਮ ਨਹੀਂ ਬੰਦ ਕਰੇਗਾ ਜਾਂ ਕੰਮ ਵਿੱਚ ਵਿਘਨ ਨਹੀਂ ਪਾਵੇਗਾ ਜਾਂ ਸਹਾਇਤਾ ਜਾਂ ਅਜਿਹੇ ਵਿਘਨ ਜਾਂ ਬੰਦ ਹੋਣ ਦੀ ਕੋਸ਼ਿਸ਼ ਕਰੇਗਾ। ਇਹ ਚੇਤਾਵਨੀ ਏਮਜ਼ ਦਿੱਲੀ ਦੇ ਨਰਸਿੰਗ ਸਟਾਫ ਨੇ ਨਰਸ ਯੂਨੀਅਨ ਦੇ ਪ੍ਰਧਾਨ ਹਰੀਸ਼ ਕਾਜਿਲਾ ਦੀ ਮੁਅੱਤਲੀ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਫੈਸਲਾ ਕਰਨ ਤੋਂ ਇੱਕ ਦਿਨ ਬਾਅਦ ਦਿੱਤੀ ਹੈ। ਆਪਣੇ ਨੋਟਿਸ ਰਾਹੀਂ ਏਮਜ਼ ਨੇ ਆਪਣੇ ਕੰਪਲੈਕਸ ਦੇ ਅੰਦਰ ਲਾਊਡਸਪੀਕਰ ਦੀ ਵਰਤੋਂ ਤੇ ਨਾਅਰੇ ਲਗਾਉਣ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਅੰਦੋਲਨ ਕਰ ਰਹੀਆਂ ਨਰਸਾਂ ਨੇ ਮੰਗ ਕੀਤੀ ਹੈ ਕਿ ਏਮਜ਼ ਪ੍ਰਬੰਧਨ ਕਾਜੀਲਾ ਦੀ ਮੁਅੱਤਲੀ ਤੁਰੰਤ ਰੱਦ ਕਰੇ। ਦਿੱਲੀ ਹਾਈ ਕੋਰਟ ਨੇ ਏਮਜ਼ ਨਰਸ ਯੂਨੀਅਨ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਦੇ ਮੈਂਬਰ ਤੁਰੰਤ ਪ੍ਰਭਾਵ ਨਾਲ ਆਪਣੀਆਂ ਡਿਊਟੀਆਂ ਵਿੱਚ ਮੁੜ ਸ਼ਾਮਲ ਹੋਣ ਜਿਸ ਤੋਂ ਬਾਅਦ ਯੂਨੀਅਨ ਨੇ ਆਪਣੀ ਅਣਮਿੱਥੇ ਸਮੇਂ ਦੀ ਹੜਤਾਲ ਨੂੰ ਵਾਪਸ ਲੈ ਲਿਆ। ਹੜਤਾਲ ਬਾਰੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੁਆਰਾ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ, ਜਸਟਿਸ ਯਸ਼ਵੰਤ ਵਰਮਾ ਦੀ ਬੈਂਚ ਨਰਸਾਂ ਨੂੰ ਕਿਹਾ ਕਿ ਮਰੀਜ਼ਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।