ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਕਤੂਬਰ
ਦਿੱਲੀ ਵਿੱਚ ਸੀਐੱਨਜੀ ਤੇ ਪੀਐੱਨਜੀ ਦੀਆਂ ਵਧੀਆਂ ਕੀਮਤਾਂ ਤੋਂ ਆਟੋ ਤੇ ਟੈਕਸੀ ਚਾਲਕ ਖਾਸੇ ਨਾਰਾਜ਼ ਹਨ ਕਿਉਂਕਿ ਬੀਤੇ ਕਈ ਸਾਲਾਂ ਤੋਂ ਦਿੱਲੀ ਵਿੱਚ ਆਟੋ/ ਟੈਕਸੀ ਚਲਾਉਣਾ ਹੁਣ ਮਹਿੰਗਾ ਹੋ ਗਿਆ ਹੈ। ਦਿੱਲੀ ਵਿੱਚ ਆਟੋ/ ਟੈਕਸੀ ਦੇ ਕਿਰਾਏ ਦਿੱਲੀ ਸਰਕਾਰ ਵੱਲੋਂ ਤੈਅ ਕਰਨ ਕਰਕੇ ਡਰਾਈਵਰ ਆਪਣੇ ਵੱਲੋਂ ਵੱਧ ਕਿਰਾਇਆ ਸਵਾਰੀਆਂ ਤੋਂ ਨਹੀਂ ਵਸੂਲ ਸਕਦੇ। ਕਈ ਆਟੋ ਚਾਲਕਾਂ ਨੇ ਦੱਸਿਆ ਕਿ ਗੈਸ ਦੀਆਂ ਵਧੀਆਂ ਕੀਮਤਾਂ ਨੇ ਜਿੱਥੇ ਉਨ੍ਹਾਂ ਦੀਆਂ ਜੇਬਾਂ ਉਪਰ ਡਾਕਾ ਮਾਰਿਆ ਹੈ, ਉੱਥੇ ਹੀ ਆਮ ਲੋਕਾਂ ਲਈ ਵੀ ਹੁਣ ਆਟੋ/ਟੈਕਸੀ ਲੈਣਾ ਮਹਿੰਗਾ ਹੋਵੇਗਾ ਕਿਉਂਕਿ ਅਗਲੇ ਮਹੀਨਿਆਂ ਦੌਰਾਨ ਆਟੋ ਕਿਰਾਏ ਵਧਾਉਣ ਲਈ ਸੂਬਾ ਸਰਕਾਰ ਉਪਰ ਜ਼ੋਰ ਪਾਉਣਾ ਪਵੇਗਾ। ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਕਾਂਗਰਸ ਸਰਕਾਰ ਨੇ ਸਾਰੇ ਵਪਾਰਕ ਤੇ ਨਿੱਜੀ ਵਾਹਨਾਂ ਨੂੰ ਸੀਐੱਨਜੀ ਵਿੱਚ ਤਬਦੀਲ ਕਰ ਕੇ ਪ੍ਰਦੂਸ਼ਣ ਸੁਧਾਰਾਂ ਵਿੱਚ ਕ੍ਰਾਂਤੀ ਲਿਆ ਦਿੱਤੀ ਸੀ। ਆਟੋ ਚਾਲਕਾਂ ਨੇ ਕਿਹਾ ਕਿ ਸੀਐੱਨਜੀ ਦੀਆਂ ਦਰਾਂ ਵਿੱਚ ਤਿੰਨ ਰੁਪਏ ਪ੍ਰਤੀ ਕਿਲੋ ਦਾ ਵਾਧਾ, ਆਟੋ, ਟੈਕਸੀ, ਮਾਲ ਭਾੜੇ ਵਿੱਚ ਵਾਧਾ ਦਿੱਲੀ ਦੇ ਲੋਕਾਂ ’ਤੇ ਮਹਿੰਗਾਈ ਦਾ ਇੱਕ ਹੋਰ ਝਟਕਾ ਹੈ।
ਦਿੱਲੀ ਪ੍ਰਦੇਸ਼ ਕਾਂਗਰਸ ਦੇ ਸਾਬਕਾ ਵਿਧਾਇਕ ਅਨਿਲ ਭਾਰਦਵਾਜ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੀਐੱਨਜੀ/ਪੀਐੱਨਜੀ ਦੀਆਂ ਦਰਾਂ ਵਿੱਚ ਰੁਪਏ ਦਾ ਵਾਧਾ ਕਰਨ ਦਾ ਦਿੱਲੀ ਕਾਂਗਰਸ ਵਿਰੋਧ ਕਰਦੀ ਹੈ ਤੇ ਸਰਕਾਰ ਤੋਂ ਮੰਗ ਕੀਤੀ ਕਿ ਤੇਲ ਅਤੇ ਗੈਸ ਦੀ ਖੇਡ ਬੰਦ ਕੀਤੀ ਜਾਵੇ।
ਸੀਐੱਨਜੀ/ਪੀਐੱਨਜੀ ਦੇ ਵਧੇ ਰੇਟਾਂ ਨੂੰ ਤੁਰੰਤ ਪ੍ਰਭਾਵ ਤੋਂ ਵਾਪਸ ਲੈ ਕੇ ਜਨਤਾ ਨੂੰ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਤੇ ਓਵਰਸੀਜ਼ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਿੱਲੀ ਸਰਕਾਰ ਦੇ ਕਾਰਨ ਪੈਟਰੋਲ-ਡੀਜ਼ਲ ਤੇ ਸੀਐੱਨਜੀ ਦੇ ਰੇਟਾਂ ਵਿੱਚ ਅੰਤਰ ਲਗਾਤਾਰ ਹੋ ਰਿਹਾ ਹੈ ਜੋ ਕਿ ਵੱਧ ਰਹੀ ਮਹਿੰਗਾਈ ਦਾ ਸਭ ਤੋਂ ਵੱਡਾ ਕਾਰਨ ਹੈ।
ਡੇਂਗੂ ਦੇ ਵਧਦੇ ਕੇਸਾਂ ਸਬੰਧੀ ਮੁੱਖ ਮੰਤਰੀ ਟਾਸਕ ਫੋਰਸ ਦਾ ਗਠਨ ਕਰਨ: ਕਾਂਗਰਸ
ਦਿੱਲੀ ਪ੍ਰਦੇਸ਼ ਕਾਂਗਰਸ ਦੇ ਸਾਬਕਾ ਵਿਧਾਇਕ ਅਨਿਲ ਭਾਰਦਵਾਜ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਵੱਲੋਂ ਪਰਵਾਸੀ ਅਰਵਿੰਦ ਕੇਜਰੀਵਾਲ ਨੂੰ ਤਿੰਨ ਵਾਰ ਮੁੱਖ ਮੰਤਰੀ ਬਣਾਉਣ ਦੇ ਬਾਵਜੂਦ ਵੀ ਦਿੱਲੀ ਵਾਲਿਆਂ ਦੇ ਹੱਥ ਖਾਲੀ ਹਨ ਕਿਉਂਕਿ ਕੇਜਰੀਵਾਲ ਵੱਲੋਂ ਦਿੱਲੀ ਵਾਸੀਆਂ ਦੇ ਹਿੱਤਾਂ ਤੇ ਹੱਕਾਂ ਲਈ ਕੀਤੇ ਵਾਅਦਿਆਂ ਤੋਂ ਉਲਟ ਕੰਮ ਕਰਨ ਦੀ ਸਥਿਤੀ ਲਗਾਤਾਰ ਬਦਤਰ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਅਤੇ ਬੁਖਾਰ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੂੰ ਤੁਰੰਤ ਨਿਗਰਾਨੀ ਲਈ ਟਾਸਕ ਫੋਰਸ ਦਾ ਗਠਨ ਕਰਨਾ ਚਾਹੀਦਾ ਹੈ ਤਾਂ ਜੋ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਤੰਬਰ ਦੇ ਆਖਰੀ ਹਫ਼ਤੇ ਦਿੱਲੀ ਲਈ ਡੇਂਗੂ ਦੇ 412 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਦਿੱਲੀ ਨਗਰ ਨਿਗਮ ਤੇ ਦਿੱਲੀ ਸਰਕਾਰ ਸਥਿਤੀ ਦੀ ਅਸਲੀਅਤ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜਿਸ ਕਾਰਨ ਪਾਣੀ ਵਿੱਚ ਫੈਲਣ ਵਾਲੇ ਬੈਕਟੀਰੀਆ ਦੀ ਗਿਣਤੀ ਵੱਧ ਰਹੀ ਹੈ।