ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਜੂਨ
ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਆਤਿਸ਼ੀ ਨੇ ਸਿੱਖਿਆ, ਬਿਜਲੀ ਤੇ ਪਾਣੀ ਉਹ ਵਿਸ਼ੇ ਹਨ, ਜੋ ਦਿੱਲੀ ਸਰਕਾਰ ਦੇ ਅਧੀਨ ਆਉਂਦੇ ਹਨ ਅਤੇ ਉਪ ਰਾਜਪਾਲ ਵੱਲੋਂ ਅਜਿਹੇ ਮਾਮਲਿਆਂ ’ਤੇ ਲਏ ਜਾਣ ਵਾਲੇ ਫ਼ੈਸਲੇ ਅਰਾਜਕਤਾ ਵਾਲੀ ਸਥਿਤੀ ਪੈਦਾ ਕਰ ਸਕਦੇ ਹਨ। ‘ਆਪ’ ਆਗੂ ਨੇ ਦੋਸ਼ ਲਾਇਆ ਕਿ ਪਾਣੀ ਦਾ ਵਿਸ਼ਾ ਦਿੱਲੀ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ 30 ਮਈ ਨੂੰ ਦਿੱਲੀ ਜਲ ਬੋਰਡ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਨੂੰ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਸਨ। ਆਤਿਸ਼ੀ ਨੇ ਕਿਹਾ ਕਿਉਂਕਿ ਉਪ ਰਾਜਪਾਲ ਨਵੇਂ ਹਨ, ਹੋ ਸਕਦਾ ਹੈ ਕਿ ਉਹ ਸੰਵਿਧਾਨਕ ਵਿਵਸਥਾਵਾਂ ਤੋਂ ਜਾਣੂ ਨਾ ਹੋਣ। ਆਤਿਸ਼ੀ ਨੇ ਕਿਹਾ ਕਿ ਜ਼ਮੀਨ, ਕਾਨੂੰਨ ਤੇ ਵਿਵਸਥਾ, ਪੁਲੀਸ ਤੇ ਹੁਣ ਦਿੱਲੀ ਨਗਰ ਨਿਗਮ ਨੂੰ ਵੀ ਇੱਕ ਕਰਕੇ ਕੇਂਦਰ ਦੇ ਅਧੀਨ ਲਿਆਂਦਾ ਜਾ ਰਿਹਾ ਹੈ। ਹੁਣ ਪਾਣੀ ਦਾ ਮਾਮਲਾ ਵੀ ਉਨ੍ਹਾਂ ਉਪ ਰਾਜਪਾਲ ਦੇ ਅਧੀਨ ਲਿਆਂਦਾ ਜਾ ਰਿਹਾ ਹੈ ਕਿਉਂਕਿ ਉਹ ਕੇਂਦਰ ਦਾ ਨੁਮਾਇੰਦਾ ਹੈ, ਜਦਕਿ ਸਿੱਖਿਆ, ਬਿਜਲੀ ਤੇ ਪਾਣੀ ਉਹ ਵਿਸ਼ੇ ਹਨ, ਜੋ ਦਿੱਲੀ ਸਰਕਾਰ ਦੇ ਅਧੀਨ ਆਉਂਦੇ ਹਨ। ਅਜਿਹੇ ਘਟਨਾਕ੍ਰਮ ਕੌਮੀ ਰਾਜਧਾਨੀ ਵਿੱਚ ਅਰਾਜਕਤਾ ਦੀ ਸਥਿਤੀ ਪੈਦਾ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਅਧਿਕਾਰੀਆਂ ਨੂੰ ਕੁਝ ਨਿਰਦੇਸ਼ ਜਾਰੀ ਕਰਦੇ ਹਨ, ਫਿਰ ਦਿੱਲੀ ਸਰਕਾਰ ਵੱਲੋਂ ਹੀ ਇਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ। ਫਿਰ ਇਹ ਅਧਿਕਾਰੀ ਕੀ ਕਰਨਗੇ? ਇਸ ਨਾਲ ਦਿੱਲੀ ਵਿੱਚ ਹਫੜਾ-ਦਫੜੀ ਵਾਲੀ ਸਥਿਤੀ ਪੈਦਾ ਹੋ ਜਾਵੇਗੀ।
ਆਤਿਸ਼ੀ ਨੇ ਉਪ ਰਾਜਪਾਲ ਸਕਸੈਨਾ ਨੂੰ ਆਪਣੇ ਅਧੀਨ ਵਿਸ਼ਿਆਂ ਦਾ ਜਾਇਜ਼ਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਔਰਤਾਂ ਘਰਾਂ ਵਿੱਚੋਂ ਬਾਹਰ ਨਿਕਲਣ ਤੋਂ ਡਰਦੀਆਂ ਹਨ। ਦਿਨ-ਦਿਹਾੜੇ ਗੋਲੀਆਂ ਚਲਾਈਆਂ ਜਾਂਦੀਆਂ ਹਨ, ਚੋਰੀਆਂ ਹੁੰਦੀਆਂ ਹਨ। ਜੇਕਰ ਤੁਸੀਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਇਹਨਾਂ ਨੂੰ ਹੱਲ ਕਰੋ। ਸਕਸੈਨਾ ਨੇ ਪਿਛਲੇ ਹਫ਼ਤੇ ਅਹੁਦੇ ਦੀ ਸਹੁੰ ਚੁੱਕੀ ਸੀ। ਉਨ੍ਹਾਂ ਅਨਿਲ ਬੈਜਲ ਦੀ ਥਾਂ ਲਈ, ਜਿਸ ਨੇ 18 ਮਈ ਨੂੰ ‘ਨਿੱਜੀ ਕਾਰਨਾਂ’ ਦਾ ਹਵਾਲਾ ਦੇ ਕੇ ਅਸਤੀਫ਼ਾ ਦੇ ਦਿੱਤਾ ਸੀ।