ਦਿੱਲੀ ਕਮੇਟੀ ਦਾ ਅਕਸ ਵਿਗਾੜ ਰਹੇ ਨੇ ਵਿਰੋਧੀ: ਕਾਲਕਾ : The Tribune India

ਦਿੱਲੀ ਕਮੇਟੀ ਦਾ ਅਕਸ ਵਿਗਾੜ ਰਹੇ ਨੇ ਵਿਰੋਧੀ: ਕਾਲਕਾ

ਕਮੇਟੀ ਦਫ਼ਤਰ ’ਚ ਜੀਕੇ, ਸਰਨਾ ਭਰਾਵਾਂ ਤੇ ਬਾਦਲ ਧੜੇ ਵੱਲੋਂ ਦਿੱਤੇ ਧਰਨੇ ਦੀ ਨਿੰਦਾ

ਦਿੱਲੀ ਕਮੇਟੀ ਦਾ ਅਕਸ ਵਿਗਾੜ ਰਹੇ ਨੇ ਵਿਰੋਧੀ: ਕਾਲਕਾ

ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਦਿੱਲੀ ਕਮੇਟੀ ਦੇ ਆਗੂ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਗਸਤ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਸਾਂਝੇ ਤੌਰ ’ਤੇ ਦੋਸ਼ ਲਗਾਇਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਪਰਮਜੀਤ ਸਿੰਘ ਸਰਨਾ-ਹਰਵਿੰਦਰ ਸਿੰਘ ਸਰਨਾ ਤੇ ਬਾਦਲ ਧੜਾ ਦਿੱਲੀ ਕਮੇਟੀ ਦਾ ਅਕਸ ਵਿਗਾੜਨ ਲਈ ਹਰ ਸਮੇਂ ਤਰਲੋਮੱਛੀ ਰਹਿੰਦਾ ਹਨ। ਇਸੇ ਲਈ ਇਨ੍ਹਾਂ ਸਾਰਿਆਂ ਵੱਲੋਂ ਕਮੇਟੀ ਪ੍ਰਬੰਧਕਾਂ ਨਾਲ ਦਫ਼ਤਰ ’ਚ ਮੀਟਿੰਗ ਕਰਨ ਦਾ ਸਮਾਂ ਮੰਗ ਕੇ ਮਾਹੌਲ ਨੂੰ ਹੰਗਾਮੀ ਬਣਾਇਆ ਗਿਆ ਤਾਂ ਕਿ ਕਿਸੇ ਤਰ੍ਹਾਂ ਮੀਡੀਆ ’ਚ ਸੁਰਖੀਆਂ ਬਟੋਰੀਆਂ ਜਾਣ।

ਸ੍ਰੀ ਕਾਲਕਾ ਨੇ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਤਾਂ 1984 ’ਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਦੇ ਆਗੂ ਸ੍ਰੀਪ੍ਰਕਾਸ਼ ਜਾਇਸਵਾਲ ਨੂੰ ਖੁਸ਼ ਕਰਨ ਲਈ ਗੁਰਦੁਆਰਾ ਸਾਹਿਬ ’ਚ ਪ੍ਰੋਗਰਾਮ ਕਰਵਾਏ ਜਾਂਦੇ ਸਨ। ਜਿਨ੍ਹਾਂ ਲੋਕਾਂ ’ਤੇ ਕਦੇ ਬਰਗਾੜੀ ਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੇ ਦੋਸ਼ ਲੱਗੇ, ਉਹ ਲੋਕ ਅੱਜ ਸੁਖਬੀਰ ਬਾਦਲ ਦਾ ਮਾਰਗ ਦਰਸ਼ਨ ਲੈ ਕੇ ਹਰ ਗੱਲ ਨੂੰ ਬੇਅਦਬੀ ਨਾਲ ਜੋੜਨ ਦੀ ਗੱਲ ਕਰ ਰਹੇ ਹਨ ਪਰ ਸੰਗਤ ਇਨ੍ਹਾਂ ਦੇ ਭਰਮ-ਭੁਲੇਖੇ ’ਚ ਨਹੀਂ ਆਵੇਗੀ।

ਸ੍ਰੀ ਕਾਲਕਾ ਨੇ ਕਿਹਾ ਕਿ ਮਨਜੀਤ ਸਿੰਘ ਜੀਕੇ ਵੱਲੋਂ ਉਨ੍ਹਾਂ ਨਾਲ ਮੀਟਿੰਗ ਕਰਨ ਦਾ ਸਮਾਂ ਮੰਗਿਆ ਗਿਆ ਸੀ ਪਰ ਮੀਟਿੰਗ ਲਈ ਇਨ੍ਹਾਂ ਕੋਲ ਕੋਈ ਏਜੰਡਾ ਨਾ ਹੋਣ ਕਰਕੇ ਜੀਕੇ ਤੇ ਸਰਨਾ ਭਰਾਵਾਂ ਵੱਲੋਂ ਇਸ ਨੂੰ ਪਹਿਲਾਂ ਵਫ਼ਦ ’ਚ ਬਦਲੀ ਕੀਤਾ ਗਿਆ ਤੇ ਫਿਰ ਧਰਨੇ ’ਚ, ਜੋ ਕਿ ਨਿੰਦਣਯੋਗ ਹੈ।

ਉਥੇ ਹੀ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਵੱਲੋਂ ਮਨਾਏ ਗਏ ਭਾਈ ਲੱਖੀ ਸ਼ਾਹ ਵਣਜਾਰਾ ਦੇ 444ਵੇਂ ਜਨਮ ਦਿਹਾੜਾ ਸਮਾਗਮ ’ਚ ਸਹਿਯੋਗ ਕੀਤਾ ਸੀ। ਸ੍ਰੀ ਕਾਹਲੋਂ ਨੇ ਕਿਹਾ ਕਿ ਸਾਨੂੰ ਮਹਾਰਾਸ਼ਟਰ, ਹੈਦਰਾਬਾਦ ਅਤੇ ਤੇਲੰਗਾਨਾ ਆਦਿ ਤੋਂ ਵਣਜਾਰਾ ਸਮਾਜ ਦੇ ਕਈ ਲੋਕਾਂ ਵੱਲੋਂ ਬੇਨਤੀ ਕੀਤੀ ਗਈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੇ ਰਾਜਾਂ ’ਚ ਆ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਇਤਿਹਾਸ ਨਾਲ ਸਬੰਧਤ ਸਮਾਗਮ ਕਰਵਾਏ ਜਾਣ।

ਸ੍ਰੀ ਕਾਲਕਾ ਅਤੇ ਸ੍ਰੀ ਕਾਹਲੋਂ ਨੇ ਇਕ ਵਾਰ ਮੁੜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਭਾਈ ਲੱਖੀ ਸ਼ਾਹ ਵਣਜਾਰਾ ਦੇ 444ਵੇਂ ਜਨਮ ਦਿਹਾੜਾ ਸਮਾਗਮ ’ਚ ਵਣਜਾਰਾ ਸਮਾਜ ਦੇ ਮੁਖੀਆਂ ਅਤੇ ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਨਾਲ ਸਹਿਯੋਗ ਕਰਕੇ ਸਮਾਗਮ ਨੂੰ ਇਤਿਹਾਸਕ ਬਣਾਉਣ ’ਚ ਆਪੋ-ਆਪਣੀ ਜ਼ਿੰਮੇਵਾਰੀ ਨਿਭਾਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All