ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਅਕਤੂਬਰ
ਉੱਤਰ ਪ੍ਰਦੇਸ਼ ਦੇ ਹਾਥਰਸ ਸਮੂਹਿਕ ਬਲਾਤਕਾਾਰ ਕਾਂਡ ਖ਼ਿਲਾਫ਼ ਵਿਰੋਧੀ ਧਿਰਾਂ ਦੇ ਆਗੂਆਂ ਸਮੇਤ ਹੋਰ ਵਰਗਾਂ ਦੇ ਲੋਕ ਦਿੱਲੀ ਦੇ ਜੰਤਰ-ਮੰਤਰ ਨੇੜੇ ਪੁੱਜੇ ਤੇ ਕੇਂਦਰ ਸਰਕਾਰ ਸਮੇਤ ਯੂਪੀ ਦੀ ਯੋਗੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਗਈ। ਇਸ ਪ੍ਰਦਰਸ਼ਨ ਦੌਰਾਨ ਸੀਪੀਆਈਐੱਮ ਆਗੂ ਸੀਤਾ ਰਾਮ ਯੇਚੁਰੀ, ਸੀਪੀਆਈ ਤੋਂ ਡੀ. ਰਾਜਾ, ਭੀਮ ਆਰਮੀ ਤੋਂ ਚੰਦਰਸ਼ੇਖਰ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਬੁਲਾਰੇ ਸੌਰਭ ਭਾਰਦਵਾਜ, ਜਿਗੇਸ਼ ਮੇਵਾਣੀ, ਬਾਲੀਬੁੱਡ ਅਦਾਕਾਰਾ ਸਵਰਾ ਭਾਸਕਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਹਿੱਸਾ ਲਿਆ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਨਾਥ ਦਾ ਅਸਤੀਫ਼ਾ ਮੰਗਿਆ। ਸ੍ਰੀ ਯੇਚੁਰੀ ਨੇ ਕਿਹਾ ਕਿ ਯੋਗੀ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਨਸਾਫ਼ ਹਰ ਹਾਲ ਵਿਚ ਹੋਣਾ ਚਾਹੀਦਾ ਹੈ। ਭੀਮ ਆਰਮੀ ਦੇ ਆਗੂ ਚੰਦਰਸ਼ੇਖਰ ਨੇ ਕਿਹਾ ਕਿ ਉਹ ਹਰ ਹਾਲ ਵਿੱਚ ਹਾਥਰਸ ਵਿਖੇ ਜਾ ਕੇ ਰਹਿਣਗੇ ਚਾਹੇ ਯੋਗੀ ਸਰਕਾਰ ਕਿੰਨੀਆਂ ਵੀ ਰੁਕਾਵਟਾਂ ਪਾ ਲਵੇ। ਉਨ੍ਹਾਂ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਖ਼ੁਦ ਨੋਟਿਸ ਲਵੇ। ਇਹ ਪ੍ਰਦਰਸ਼ਨ ਇੰਡੀਆ ਗੇਟ ਵਿਖੇ ਨਾ ਹੋ ਕੇ ਜੰਤਰ-ਮੰਤਰ ਉਪਰ ਕੀਤਾ ਗਿਆ ਕਿਉਂਕਿ ਉੱਥੇ ਧਾਰਾ 144 ਲਾਈ ਹੋਈ ਹੈ। ਵੱਖ-ਵੱਖ ਸੰਗਠਨਾਂ ਵੱਲੋਂ ਇਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ ਗਈ। ਉਧਰ ਦਿੱਲੀ ਪ੍ਰਦੇਸ਼ ਕਾਂਗਰਸ ਵੱਲੋਂ ਬਾਲਮੀਕਿ ਮੰਦਰ ਵਿਖੇ ਸਮੂਹਿਕ ਬਲਾਤਕਾਰ ਦੀ ਪੀੜਤਾ ਲਈ ਪ੍ਰਾਰਥਨਾ ਸਭਾ ਕੀਤੀ ਗਈ, ਜਿਸ ਵਿੱਚ ਸੀਨੀਅਰ ਕਾਂਗਰਸੀ ਆਗੂ ਪ੍ਰਿੰਯਕਾ ਗਾਂਧੀ ਸਮੇਤ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਅਨਿਲ ਚੌਧਰੀ ਸਮੇਤ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਪ੍ਰਿੰਯਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀ ਲੜਾਈ ਜਾਰੀ ਰੱਖੇਗੀ ਜਦੋਂ ਤਕ ਕਿ ਹਾਥਰਸ ਦੀ ਧੀ ਦੇ ਪਰਿਵਾਰ ਨੂੰ ਨਿਆਂ ਨਹੀਂ ਮਿਲ ਜਾਂਦਾ ਕਿਉਂਕਿ ਦਲਿਤ ਔਰਤਾਂ ਦਾ ਜੀਵਨ ਮੋਦੀ ਤੇ ਯੋਗੀ ਦੀਆਂ ਸਰਕਾਰਾਂ ਦੇ ਕਲ ਵਿੱਚ ਸੁਰੱਖਿਅਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੇ ਮਿਲ ਕੇ ਅਵਾਜ਼ ਉਠਾਉਣ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਾਥਰਸ ਦੀ ਘਟਨਾ ਨੂੰ ਦੁਖਦਾਈ ਦੱਸਦਿਆਂ ਕਿਹਾ ਕਿ ਸੱਤਾ ਵਿੱਚ ਰਹਿਣ ਵਾਲੇ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਦੇਸ਼ ਦੇ ਮਾਲਕ ਨਹੀਂ ਲੋਕਾਂ ਦੇ ਸੇਵਕ ਹਨ।
ਇਸੇ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਬਾਰੇ ਟਿੱਪਣੀ ਕਰਦਿਆਂ ਕਿਹਾ, ‘ਸਮਾਜ ਅੰਦਰ ਭ੍ਰਿਸ਼ਟਾਚਾਰ ਫੈਲ ਰਿਹਾ ਹੈ। ਉਨ੍ਹਾਂ ਕਿਹਾ ਇਕ ਪਾਸੇ ਉਨ੍ਹਾਂ ਲੋਕਾਂ ਨੇ ਗਰੀਬ ਲੜਕੀ ਨਾਲ ਇਹ ਹਰਕਤ ਕੀਤੀ ਤੇ ਉਸ ਦੀ ਹੱਤਿਆ ਕਰ ਦਿੱਤੀ। ਦੂਜੇ ਪਾਸੇ ਸੱਤਾਧਾਰੀ ਧਿਰ ਦਾ ਵਤੀਰਾ ਵੀ ਦੁਖਦਾਈ ਸੀ।
ਔਰਤ ਜੱਥੇਬੰਦੀਆਂ ਵੱਲੋਂ ਵੀ ਪ੍ਰਦਰਸ਼ਨ
ਨਵੀਂ ਦਿੱਲੀ(ਮਨਧੀਰ ਸਿੰਘ ਦਿਓਲ): ਜੰਤਰ-ਮੰਤਰ ਵਿਖੇ ਅੱਜ ਉੱਤਰ ਪ੍ਰਦੇਸ਼ ਵਿੱਚ ਹਾਥਰਾਸ ਦੇ ਮਾਮਲੇ ਨੂੰ ਲੈ ਕੇ ਵੱਖ-ਵੱਖ ਸੰਗਠਨਾਂ ਦੁਆਰਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ 19 ਸਾਲਾ ਦਲਿਤ ਲੜਕੀ ਨਾਲ ਬਲਾਤਕਾਰ ਤੇ ਕਤਲ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ। ਨਾਲ ਹੀ ਇਸ ਕੇਸ ਦੀ ਜਾਂਚ ਵਿੱਚ ਪੁਲੀਸ ਦੀ ਉਦਾਸੀਨਤਾ, ਦਲਿਤ ਔਰਤਾਂ ’ਤੇ ਜਾਤੀ-ਅਧਾਰਤ ਜਿਨਸੀ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ, ਦੇਸ਼ ਭਰ ਵਿਚ ਔਰਤਾਂ ਵਿਰੁੱਧ ਵੱਧ ਰਹੇ ਅਪਰਾਧ ਦਾ ਰੁਝਾਨ, ਜਾਤੀਗਤ ਜਿਨਸੀ ਹਿੰਸਾ ਦੇ ਮਾਮਲੇ ਵਿੱਚ ਰਾਜ ਦੀ ਉਦਾਸੀਨਤਾ ਤੇ ਔਰਤਾਂ ਦੀਆਂ ਸੰਸਥਾਵਾਂ ਨੇ ਅਧਿਕਾਰਾਂ ਦੀ ਰੱਖਿਆ ਦੇ ਸਬੰਧ ਵਿੱਚ ਮੌਜੂਦਾ ਸ਼ਾਸਨ ਦੀ ਘੁਰਕੀ ਦੇ ਵਿਰੁੱਧ ਆਪਣਾ ਵਿਰੋਧ ਦਰਜ ਕੀਤਾ। ਸੰਸਥਾਵਾਂ ਦੀਆਂ ਆਗੂਆਂ ਨੇ ਆਪਣਾ ਗੁੱਸਾ ਦਰਜ ਕੀਤਾ ਖ਼ਾਸਕਰ ਲੜਕੀ ਦੇ ਪਰਿਵਾਰ ਦੀ ਗੈਰ-ਹਾਜ਼ਰੀ ਵਿੱਚ ਪੁਲੀਸ ਪ੍ਰਸ਼ਾਸਨ ਦੁਆਰਾ ਪੀੜਤ ਦਾ ਸਸਕਾਰ ਕਰਨ ਦੇ ਮੁੱਦਿਆਂ ਦੇ ਸੰਦਰਭ ਵਿੱਚ। ਮੀਡੀਆ ਨਾਲ ਗੱਲਬਾਤ ਕਰਦਿਆਂ ਔਰਤ ਸੰਗਠਨਾਂ ਨੇ ਯੂਪੀ ਅਧਿਕਾਰੀਆਂ ਵੱਲੋਂ ਲੜਕੀ ਦੇ ਪਰਿਵਾਰ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਖਿਲਾਫ ਆਵਾਜ਼ ਬੁਲੰਦ ਕੀਤੀ। ਜੰਤਰ-ਮੰਤਰ ਵਿਖੇ ਹੋਏ ਪ੍ਰਦਰਸ਼ਨਾਂ ਵਿਚ ਆਲ ਇੰਡੀਆ ਡੈਮੋਕਰੇਟਿਕ ਵੂਮੈਨ ਆਰਗੇਨਾਈਜ਼ੇਸ਼ਨ (ਏਆਈਡੀ ਡਬਲਯੂ ਏ), ਏਆਈ ਐੱਮ ਐੱਸ ਐਸ, ਸੰਘਰਸ਼ਸ਼ੀਲ ਮਹਿਲਾ ਕੇਂਦਰ (ਸੀ ਐੱਸ ਡਬਲਯੂ), ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮੈਨ (ਐੱਨਐੱਫਆਈ ਡਬਲਯੂ), ਪ੍ਰਗਤੀ ਮਹਿਲਾ ਸੰਗਠਨ (ਪੀਐੱਮਐੱਸ), ਪੁਰੁਗਾਮੀ ਮਹਿਲਾ ਸੰਗਠਨ, ਸਵਸਤਿਕ ਮਹਿਲਾ ਸੰਮਤੀ ( ਐੱਸਐੱਮਐੱਸ) ਅਤੇ ਸਹੇਲੀ ਆਦਿ ਸੰਸਥਾਵਾਂ ਦੇ ਕਾਰਕੁਨਾਂ ਨੇ ਹਿੱਸਾ ਲਿਆ। ਇਨ੍ਹਾਂ ਮਹਿਲਾ ਸੰਗਠਨਾਂ ਨੇ ਹਾਥਰਾਸ ਕਾਂਡ ਤੋਂ ਪਹਿਲਾਂ ਹੀ ਉਪ ਰਾਜਪਾਲ ਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਸੌਂਪੀਆਂ ਗਈਆਂ ਔਰਤਾਂ ਦੀਆਂ ਮੰਗਾਂ ਵੱਲ ਧਿਆਨ ਖਿੱਚਣ ਲਈ 2 ਅਕਤੂਬਰ ਨੂੰ ਇੱਕ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ। ਮੰਗ ਪੱਤਰ ਵਿੱਚ ਔਰਤਾਂ ਨਾਲ ਜੁੜੀਆਂ ਹੋਰ ਮੰਗਾਂ ਵੀ ਸ਼ਾਮਲ ਹਨ। ਬੁਲਾਰਿਆਂ ਨੇ ਕਿਹਾ ਕਿ ‘ਜ਼ਿੰਦਗੀ, ਰੋਜ਼ੀ-ਰੋਟੀ ਤੇ ਲੋਕਤੰਤਰ’ ਦੇ ਇਸ ਸੰਘਰਸ਼ ਵਿੱਚ ਨਿਸ਼ਚਤ ਰੂਪ ਵਿੱਚ ਔਰਤਾਂ ਦਾ ਸਨਮਾਨ ਜੀਵਨ ਦਾ ਅਧਿਕਾਰ ਸ਼ਾਮਲ ਹੈ। 2012 ਵਿੱਚ ਵਾਪਰੀ ਘਟਨਾ ਨੂੰ ਯਾਦ ਕੀਤਾ, ਜਿੱਥੇ ਇੱਕ ਹੋਰ ਬੇਰਹਿਮ ਸਮੂਹਕ ਬਲਾਤਕਾਰ ਹੋਇਆ,ਨਤੀਜੇ ਵਜੋਂ ਪੀੜਤ ਦੀ ਮੌਤ ਹੋ ਗਈ ਸੀ।