ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜਨਵਰੀ
‘ਆਪ’ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਭਾਜਪਾ ਤੇ ਕਾਂਗਰਸ ਵੱਲੋਂ ਕੇਜਰੀਵਾਲ ਸਰਕਾਰ ਦੀ ਆਬਕਾਰੀ ਨੀਤੀ ਦੀ ਆਲੋਚਨਾ ਕੀਤੀ ਗਈ ਹੈ। ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕੇਜਰੀਵਾਲ ਸਰਕਾਰ ਦੀ ਨਵੀਂ ਆਬਕਾਰੀ ਨੀਤੀ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਸ਼ਰਾਬ ਮਾਫ਼ੀਆ ਨੂੰ ਫ਼ਾਇਦਾ ਪਹੁੰਚਾਉਣ ਲਈ ਬੇਤਾਬ ਹਨ। ਇਸ ਦੀ ਉਦਾਹਰਨ ਇਹ ਹੈ ਕਿ ਪਹਿਲਾਂ ਤਿਉਹਾਰਾਂ ਤੇ ਕੌਮੀ ਤਿਉਹਾਰਾਂ ਸਮੇਤ 21 ਦਿਨ ਖੁਸ਼ਕ ਦਿਨ ਹੁੰਦੇ ਸਨ ਜਦੋਂ ਦਿੱਲੀ ਵਿੱਚ ਸ਼ਰਾਬ ਨਹੀਂ ਵਿਕਦੀ ਸੀ ਪਰ ਹੁਣ 18 ਤਿਉਹਾਰਾਂ ਜਿਵੇਂ ਗੁਰੂ ਗੋਬਿੰਦ ਸਿੰਘ ਜੈਅੰਤੀ, ਮਹਾਂਵੀਰ ਜੈਅੰਤੀ, ਦੀਵਾਲੀ ਅਤੇ ਹੋਲੀ ਨੂੰ ਸਰਕਾਰ ਨੇ ਸ਼ਰਾਬ ਵੇਚਣ ਦੀ ਇਜਾਜ਼ਤ ਦਿੱਤੀ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਕਾਂਗਰਸ ਕੇਜਰੀਵਾਲ ਸਰਕਾਰ ਵੱਲੋਂ ਧਾਰਮਿਕ ਤਿਉਹਾਰਾਂ ‘ਤੇ ਸ਼ਰਾਬ ਦੇ ਠੇਕੇ ਖੋਲ੍ਹਣ ਅਤੇ ਸਿਰਫ਼ 3 ਸਾਲਾਨਾ ਡਰਾਈ ਡੇਅ ਤੈਅ ਕਰਨ ਦਾ ਵਿਰੋਧ ਕਰਦੀ ਹੈ। ਕੇਜਰੀਵਾਲ ਦਿੱਲੀ ਵਾਸੀਆਂ ਦੀਆਂ ਧਾਰਮਿਕ ਆਸਥਾਵਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਕੇ ਦਿੱਲੀ ਵਿੱਚ ਸ਼ਰਾਬ ਦੀ ਵਿਕਰੀ ਨੂੰ ਉਤਸ਼ਾਹਿਤ ਕਰ ਰਹੀ ਹੈ ਕਿਉਂਕਿ ਨਵੀਂ ਆਬਕਾਰੀ ਨੀਤੀ ਤਹਿਤ ਜਿੱਥੇ ਉਸ ਨੇ ਹਰ ਵਾਰਡ ਵਿੱਚ 3-4 ਸ਼ਰਾਬ ਦੀਆਂ ਦੁਕਾਨਾਂ ਖੋਲ੍ਹ ਕੇ ਦਿੱਲੀ ਨੂੰ ਨਸ਼ਿਆਂ ਦੀ ਰਾਜਧਾਨੀ ਬਣਾ ਦਿੱਤਾ ਹੈ, ਉੱਥੇ ਹੀ ਸ਼ਰਾਬ ਪੀਣ ਦੀ ਉਮਰ 25 ਤੋਂ ਘਟਾ ਕੇ 21 ਸਾਲ ਕਰ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਅਰਵਿੰਦ ਸਰਕਾਰ ਦਿੱਲੀ ਵਿੱਚ ਡਰਾਈ ਡੇਅ ਦੀ ਗਿਣਤੀ ਨੂੰ ਮੁੜ ਪੁਰਾਣੇ ਆਧਾਰ ‘ਤੇ ਲਾਗੂ ਕਰੇ।