ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਅਪਰੈਲ
ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਤੇ ਪਰਿਵਾਰਕ ਕਰੀਬੀਆਂ ਦੀ ਜਾਇਦਾਦ ਈਡੀ ਵੱਲੋਂ ਆਰਜ਼ੀ ਤੌਰ ’ਤੇ ਕੁਰਕ ਕਰਨ ਦੇ ਹੁਕਮਾਂ ਮਗਰੋਂ ਵਿਰੋਧੀ ਆਗੂਆਂ ਨੇ ‘ਆਪ’ ਦੀ ਨਿੰਦਾ ਕੀਤੀ ਹੈ। ‘ਆਪ’ ਦੇ ਸਾਬਕਾ ਆਗੂ ਕਪਿਲ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ 8 ਮਈ 2017 ਨੂੰ ਜਿਨ੍ਹਾਂ ਕੰਪਨੀਆਂ ਦੇ ਨਾ ਲੈ ਕੇ ਕਥਿਤ ਭ੍ਰਿਸ਼ਟਾਚਾਰ, ਹਵਾਲਾ ਤੇ ਕਾਲੇ ਧਨ ਦਾ ਪਰਦਾਫ਼ਾਸ਼ ਕੀਤਾ ਸੀ, ਅੱਜ 5 ਸਾਲ ਬਾਅਦ ਈਡੀ ਨੇ ਉਨ੍ਹਾਂ ਕੰਪਨੀਆਂ ਦੀ ਜਾਇਦਾਦ ਜ਼ਬਤ ਕੀਤੀ ਹੈ। ਕਪਿਲ ਮਿਸ਼ਰਾ ਨੇ ਆਪਣੇ ਉਕਤ ਟਵੀਟ ਵਿੱਚ ਕਿਹਾ ‘ਚੰਦਾ ਚੋਰ, ਹਵਾਲਾ, ਬਲੈਕ ਮਨੀ ਦੀ ਇੱੱਕ ਹੋਰ ਗੱਲ ਸਾਹਮਣੇ ਆਈ ਹੈ। ਉਮੀਦ ਹੈ ਕਿ ਭ੍ਰਿਸ਼ਟਾਚਾਰੀ ਹੁਣ ਜੇਲ੍ਹ ਜਾਣਗੇ।’ ਉਧਰ ਸੂਬਾ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਕਾਂਗਰਸ ਸ਼ੁੁਰੂ ਤੋਂ ਆਖ ਰਹੀ ਸੀ ਕਿ ‘ਆਪ’ ਦੇ 80 ਫ਼ੀਸਦੀ ਮੰਤਰੀ ਤੇ ਅੱਧੇ ਵਿਧਾਇਕ ਭ੍ਰਿਸ਼ਟਾਚਾਰੀ ਹਨ।