ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਸਤੰਬਰ
ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਚ ਦਸਮ ਗ੍ਰੰਥ ਤੇ ਬਚਿੱਤਰ ਨਾਟਕ ਦੀ ਬਾਬਾ ਬੰਤਾ ਸਿੰਘ ਵੱਲੋਂ ਬੀਤੇ ਦਿਨਾਂ ਤੋਂ ਕਥਾ ਕੀਤੀ ਜਾ ਰਹੀ ਹੈ। ਕੁਝ ਲੋਕ ਇਸ ਕਥਾ ਦੇ ਹੱਕ ਤੇ ਕੁਝ ਵਿਰੋਧ ਵਿੱਚ ਆ ਗਏ ਤੇ ਕੁੱਝ ਦੇਰ ਲਈ ਇਸ ਪਵਿੱਤਰ ਸਥਾਨ ਦੇ ਮੁੱਖ ਗੇਟ ਕੋਲ ਦੋਵਾਂ ਧਿਰਾਂ ਦਰਮਿਆਨ ਤਕਰਾਰ ਹੋਈ। ਹਾਲਾਂਕਿ ਮਾਮਲਾ ਕੁੱਝ ਦੇਰ ਲਈ ਸ਼ਾਂਤ ਹੋ ਗਿਆ ਪਰ ਵਿਰੋਧੀ ਧਿਰਾਂ ਵੱਲੋਂ ਇਸ ਮੌਕੇ ਨੂੰ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਸੰਦਰਭ ਵਿੱਚ ਇਸਤੇਮਾਲ ਕਰਨ ਦੇ ਸੰਕੇਤ ਦੇ ਦਿੱਤੇ ਗਏ ਹਨ।
ਬੀਤੇ ਦਿਨੀਂ ਚੱਲ ਰਹੀ ਕਥਾ ਦਾ ਕੁੱਝ ਕੁ ਸਿੱਖਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਜਿਸ ਮਗਰੋਂ ਇਹ ਮਾਮਲਾ ਭਖਿਆ ਤੇ ਕੇਂਦਰੀ ਸਿੰਘ ਸਭਾ ਵੱਲੋਂ ਵੀ ਇਸ ਮੁੱਦੇ ਉੱਪਰ ਆਪਣੀ ਰਾਇ ਰੱਖੀ ਗਈ। ਅੱਜ ਦਿਨ ਵੇਲੇ ਨਿਹੰਗ ਬਾਣੇ ਵਿੱਚ ਕੁੱਝ ਨੌਜਵਾਨ ਬੰਗਲਾ ਸਾਹਿਬ ਪੁੱਜੇ ਤੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਗਈ। ਇਸੇ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਅਸਲ ਬਾਣੀ ਮੰਨਣ ਵਾਲੇ ਸ਼ਰਧਾਲੂ ਵੀ ਉੱਥੇ ਪੁੱਜ ਗਏ ਤੇ ਦੋਵਾਂ ਧਿਰਾਂ ਦਰਮਿਆਨ ਤਕਰਾਰ ਵੀ ਹੋਈ। ਬਾਅਦ ਵਿੱਚ ਬਾਬਾ ਬੰਤਾ ਸਿੰਘ ਨੇ ਆਏ ਸਿੱਖ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਕੁੱਝ ਨੁਮਾਇੰਦਿਆਂ ਨਾਲ ਹਰ ਮੁੱਦੇ ਉੱਪਰ ਚਰਚਾ ਕਰਨ ਲਈ ਤਿਆਰ ਹਨ ਤੇ ਉਨ੍ਹਾਂ ਦਸਮ ਗ੍ਰੰਥ ਦੇ ਹੱਕ ਵਿੱਚ ਕੁੱਝ ਦਲੀਲਾਂ ਦੀ ਦਿੱਤੀਆਂ ਤੇ ਦਸਮ ਪਾਤਸ਼ਾਹ ਦੀ ਬਾਣੀ ਬਾਰੇ ਵੀ ਤਰਕ ਦਿੱਤੇ।
ਟਕਰਾਅ ਲਈ ਕਮੇਟੀ ਜ਼ਿੰਮੇਵਾਰ: ਜੀਕੇ
‘ਜਾਗੋ’ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਸਮ ਗ੍ਰੰਥ ਦੀ ਬਾਣੀ ਦੀ ਕਥਾ ਨੂੰ ਲੈ ਕੇ ਅੱਜ ਹੋਏ ਟਕਰਾਅ ਦਾ ਜ਼ਿੰਮੇਵਾਰ ਦਿੱਲੀ ਕਮੇਟੀ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝਾਉਣਾ ਕਮੇਟੀ ਦਾ ਫ਼ਰਜ਼ ਸੀ।