ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਾਰਚ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੀਜਾ ਬਾਲਾ ਪ੍ਰੀਤਮ ਦਵਾਖਾਨਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਕੇਟ 2-3, ਪਸ਼ਚਿਮ ਪੁਰੀ ਕਲੱਬ ਰੋਡ ਨਵੀਂ ਦਿੱਲੀ ਵਿਚ ਖੋਲ੍ਹ ਦਿੱਤਾ ਹੈ। ਅੱਜ ਇਸ ਦਾ ਰਸਮੀ ਉਦਘਾਟਨ ਇਲਾਕੇ ਦੀਆਂ ਦੋ ਬਜ਼ੁਰਗ ਬੀਬੀਆਂ ਵੱਲੋਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਹੋਰ ਸੰਗਤਾਂ ਦੀਆਂ ਹਾਜ਼ਰੀਆਂ ਵਿਚ ਕੀਤਾ ਗਿਆ। ਇਸ ਮੌਕੇ ਸ੍ਰੀ ਸਿਰਸਾ ਨੇ ਦੱਸਿਆ ਕਿ ਇਸ ਦਵਾਖਾਨੇ ਵਿਚ ਵੀ ਦੂਜੇ ਬਾਲਾ ਪ੍ਰੀਤਮ ਦਵਾਖਾਨਿਆਂ ਵਾਂਗ ਦਵਾਈਆਂ ਬਾਜ਼ਾਰ ਨਾਲੋਂ 10 ਤੋਂ 90 ਫ਼ੀਸਦੀ ਸਸਤੀਆਂ ਮਿਲਣਗੀਆਂ। ਉਨ੍ਹਾਂ ਮੌਕੇ ’ਤੇ ਇਕ ਸ਼ੂਗਰ ਦੀ ਦਵਾਈ ਪੇਸ਼ ਕਰਦਿਆਂ ਦੱਸਿਆ ਕਿ ਇਸ ਦੀ ਕੀਮਤ ਬਾਜ਼ਾਰ ਵਿਚ 324 ਰੁਪਏ ਹੈ ਜਦਕਿ ਇਹ ਦਵਾਈ ਦਾ ਪੱਤਾ ਬਾਲਾ ਪ੍ਰੀਤਮ ਦਵਾਖਾਨੇ ਵਿਚ 90 ਫ਼ੀਸਫੀ ਸਸਤੀਆਂ ਦਰਾਂ ’ਤੇ ਸਿਰਫ 35 ਰੁਪਏ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਦੋ ਦਵਾਖਾਨੇ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਤੇ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿੱਚ ਖੋਲ੍ਹੇ ਗਏ ਹਨ। ਦਿੱਲੀ ਦੇ ਹਰ ਇਲਾਕੇ ਵਿਚ ਅਜਿਹੇ ਬਾਲਾ ਪ੍ਰੀਤਮ ਦਵਾਖਾਨੇ ਖੋਲਣ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲਾਂ ਕਮੇਟੀ ਵੱਲੋਂ ਮੁਫ਼ਤ ਕਿਡਨੀ ਡਾਇਲਸਿਸ ਹਸਪਤਾਲ ’ਤੇ ਸਿਰਫ 50 ਰੁਪਏ ਵਿਚ ਐਮਆਰਆਈ, ਸੀਟੀ ਸਕੈਨ ਤੇ ਹੋਰ ਟੈਸਟਾਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦਵਾਖਾਨਿਆਂ ਤੋਂ ਘਰ ਘਰ ਦਵਾਈ ਸਪਲਾਈ ਵੀ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ਤੇ ਇਸ ਲਈ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਮੋਬਾਈਲ ’ਤੇ ਆਪਣੀ ਦਵਾਈ ਦੀ ਬੁਕਿੰਗ ਕਰਵਾ ਸਕਣਗੇ। ਇਸ ਮੌਕੇ ਕਮੇਟੀ ਮੈਂਬਰ ਤੇ ਦਵਾਖਾਨੇ ਦਾ ਸਟਾਫ਼ ਮੌਜੂਦ ਸੀ।