ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਕੇਵਾਈਐੱਸ ਨੇ ਵਰਚੁਅਲ ਸਕੂਲ ਬਣਾਉਣ ਸਬੰਧੀ ਦਿੱਲੀ ਸਰਕਾਰ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਦਿੱਲੀ ਸਟੇਟ ਕਮੇਟੀ ਦੇ ਮੈਂਬਰ ਭੀਮ ਕੁਮਾਰ ਨੇ ਕਿਹਾ ਕਿ ਗੈਰਰਸਮੀ ਆਨਲਾਈਨ ਸਿੱਖਿਆ ਕਲਾਸਰੂਮ ਅਧਿਆਪਨ ਦਾ ਬਦਲ ਨਹੀਂ ਹੋ ਸਕਦੀ ਤੇ ਹਾਸ਼ੀਏ ‘ਤੇ ਪਏ ਸਮਾਜ ਦੇ ਵਿਦਿਆਰਥੀ ਆਨਲਾਈਨ ਸਕੂਲਾਂ ਰਾਹੀਂ ਰਸਮੀ ਸਿੱਖਿਆ ਤੋਂ ਵਾਂਝੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਹੈ ਅਤੇ 500 ਨਵੇਂ ਸਰਕਾਰੀ ਸਕੂਲ ਬਣਾਉਣ ਦਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ। ਕ੍ਰਾਂਤੀਕਾਰੀ ਯੁਵਾ ਸੰਗਠਨ ਨੇ ਕਿਹਾ ਕਿ ‘ਆਪ’ ਸਰਕਾਰ ਨੇ ਇਸ ਐਲਾਨ ਨੂੰ ਸ਼ਰਮਨਾਕ ਢੰਗ ਨਾਲ ਆਪਣੀ ਪਿੱਠ ਥਪਥਪਾਉਣ ਲਈ ਵਰਤਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫ਼ੈਸਲੇ ਨਾਲ ‘ਆਪ’ ਆਗੂਆਂ ਦਾ ਚਿਹਰਾ ਨੰਗਾ ਹੋ ਗਿਆ ਹੈ।