ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਾਰਚ
ਦਿੱਲੀ ਦੇ ਟਿਕਰੀ ਬਾਰਡਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਨੂੰ ਠਿੱਬੀ ਲਾਉਣ ਲਈ ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਕਮੇਟੀ ਰਾਹੀਂ ਕਿਸਾਨਾਂ ਨੂੰ ਨੀਵਾਂ ਦਿਖਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਕੇਂਦਰੀ ਮੰਤਰੀਆਂ, ਲੋਕ ਸਭਾ ਮੈਂਬਰਾਂ, ਵਿਧਾਇਕਾਂ ਅਤੇ ਹੋਰ ਨੁਮਾਇੰਦਿਆਂ ਆਦਿ ਨੂੰ ਧੱਕੇ ਨਾਲ ਸ਼ਹਿਰਾਂ ਤੇ ਕਸਬਿਆਂ ਵਿੱਚ ਭੇਜ ਕੇ ਮਾਹੌਲ ਖ਼ਰਾਬ ਕਰਕੇ ਕਿਸਾਨ ਅੰਦੋਲਨ ਨੂੰ ਸੱਟ ਮਾਰਨਾ ਚਾਹੁੰਦੀ ਹੈ।
ਇਕ ਹੋਰ ਆਗੂ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਪਟਿਆਲਾ ’ਚ ਹੱਕ ਮੰਗ ਰਹੇ ਅਧਿਆਪਕਾਂ ਨੂੰ ਕੈਪਟਨ ਹਕੂਮਤ ਨੇ ਡਾਂਗਾਂ ਨਾਲ ਕੁੱਟ ਕੇ ਪੱਗਾਂ ਅਤੇ ਚੁੰਨੀਆਂ ਲਾਹ ਕੇ ਜ਼ਖਮੀ ਕੀਤਾ। ਉਨ੍ਹਾਂ ਕਿਹਾ ਕਿ ਸਾਰੇ ਕਰਜ਼ੇ ’ਤੇ ਲੀਕ ਮਰਵਾਉਣ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿਵਾਉਣ, ਹਰ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿਵਾਉਣ, ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਅਤੇ ਰੁਜ਼ਗਾਰ ਨਾ ਮਿਲਣ ਤੱਕ 5000 ਹਜ਼ਾਰ ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿਵਾਉਣ ਸਮੇਤ ਚੋਣਾਂ ਵੇਲੇ ਕੀਤੇ ਗਏ ਹੋਰ ਵਾਅਦੇ ਪੂਰੇ ਕਰਵਾਉਣ ਲਈ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ।
ਇਸੇ ਤਰ੍ਹਾਂ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਕਿਸਾਨਾਂ ਵਾਂਗ ਸਨਅਤੀ ਮਜ਼ਦੂਰ ਵੀ ਵਿਦੇਸ਼ੀ ਅਤੇ ਸਾਮਰਾਜੀ ਕਾਰਪੋਰੇਟ ਕੰਪਨੀਆਂ ਦੇ ਹੱਲੇ ਹੇਠ ਹਨ ਜਿਨ੍ਹਾਂ ਤੋਂ 8 ਘੰਟੇ ਤੋਂ ਵਧਾ ਕੇ 12 ਘੰਟੇ ਕੰਮ ਕਰਨ ਦਾ ਕਾਨੂੰਨ ਬਣਾ ਕੇ ਮਜ਼ਦੂਰਾਂ ਵੱਲੋਂ ਖ਼ੂਨ ਡੋਲ੍ਹ ਕੇ ਬਣਾਇਆ ਸੰਵਿਧਾਨਕ ਹੱਕ ਵੀ ਖੋਹ ਲਿਆ ਹੈ। ਜਸਵੰਤ ਸਿੰਘ ਤੋਲੇਵਾਲ ਬਲਾਕ ਪ੍ਰਧਾਨ ਸੁਨਾਮ, ਪ੍ਰੋਫ਼ੈਸਰ ਦਲਬੀਰ ਸਿੰਘ ਰੋਡੂ ਜ਼ਿਲ੍ਹਾ ਜੀਂਦ, ਅੰਮ੍ਰਿਤਾ ਕੁੰਗੂ ਪਾਇ ਜ਼ਿਲ੍ਹਾ ਕੈਥਲ, ਰੂਪ ਸਿੰਘ ਧੌਲਾ ਸੀਨੀਅਰ ਮੀਤ ਪ੍ਰਧਾਨ ਬਰਨਾਲਾ, ਦੇਸਾ ਸਿੰਘ ਪਟਿਆਲਾ, ਡਾਕਟਰ ਹਰਗੋਬਿੰਦ ਸਿੰਘ ਸ਼ੇਖਪੁਰੀਆ ਬਠਿੰਡਾ, ਅੰਮ੍ਰਿਤਪਾਲ ਸਿੰਘ ਜਖੇਪਲ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਗਸੀਰ ਸਿੰਘ ਭੋਲਾ ਬਲਾਕ ਆਗੂ ਜਲਾਲਾਬਾਦ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।