ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਜਨਵਰੀ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਈਪੀ ਐਕਸਟੈਂਸ਼ਨ ਵਾਸੀ ਕਰੋਨਾ ਯੋਧੇ ਮਰਹੂਮ ਡਾ. ਹਿਤੇਸ਼ ਗੁਪਤਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਦਿੱਲੀ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵਜੋਂ 1 ਕਰੋੜ ਰੁਪਏ ਦਾ ਚੈੱਕ ਸੌਂਪਿਆ। ਕੇਜਰੀਵਾਲ ਨੇ ਕਿਹਾ, ‘‘ਅਸੀਂ ਡਾ. ਹਿਤੇਸ਼ ਗੁਪਤਾ ਦੀ ਮੌਤ ਤੋਂ ਬਹੁਤ ਦੁਖੀ ਹਾਂ। ਅਸੀਂ ਉਸਦੇ ਪਰਿਵਾਰ ਦੇ ਨਾਲ ਹਾਂ ਤੇ ਉਸ ਦੀ ਪਤਨੀ ਨੂੰ ਦਿੱਲੀ ਸਰਕਾਰ ਵਿੱਚ ਨੌਕਰੀ ਵੀ ਦੇਵਾਂਗੇ।’’ ਕਰੋਨਾ ਯੋਧੇ ਸਵਰਗੀ ਡਾ. ਹਿਤੇਸ਼ ਗੁਪਤਾ ਦੇ ਪਰਿਵਾਰ ਨੂੰ ਸਹਾਇਤਾ ਦੀ ਜਾਂਚ ਸੌਂਪਣ ਤੋਂ ਬਾਅਦ ਕੇਜਰੀਵਾਲ ਨੇ ਮੀਡੀਆ ਗੱਲਬਾਤ ਦੌਰਾਨ ਕਿਹਾ ਕਿ ਹਿਤੇਸ਼ ਗੁਪਤਾ ਦਿੱਲੀ ਸਰਕਾਰ ਵਿੱਚ ਡਾਕਟਰ ਵਜੋਂ ਕੰਮ ਕਰ ਰਿਹਾ ਸੀ ਤੇ ਕਰੋਨਾ ਦੌਰਾਨ ਮਰੀਜ਼ਾਂ ਦੀ ਸੇਵਾ ਕਰ ਰਿਹਾ ਸੀ। ਕਰੋਨਾ ਦੇ ਮਰੀਜ਼ਾਂ ਲਈ ਕੰਮ ਕਰਦੇ ਸਮੇਂ ਉਸ ਨੂੰ ਕਰੋਨਾ ਵੀ ਹੋ ਗਿਆ ਅਤੇ ਇਲਾਜ ਦੌਰਾਨ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ।
ਉਨ੍ਹਾਂ ਕਿਹਾ, ‘‘ਡਾ. ਹਿਤੇਸ਼ ਗੁਪਤਾ ਦੇ ਦੇਹਾਂਤ ਦਾ ਬਹੁਤ ਦੁੱਖ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਉਨ੍ਹਾਂ ਸਾਰੇ ਕਰੋਨਾ ਯੋਧਿਆਂ ਨੂੰ ਸਹਾਇਤਾ ਲਈ ਦਿੱਲੀ ਸਰਕਾਰ ਨੇ ਇਕ ਵਿਲੱਖਣ ਯੋਜਨਾ ਦਾ ਐਲਾਨ ਕੀਤਾ ਹੈ। ਯੋਜਨਾ ਅਨੁਸਾਰ ਜੇ ਸਾਡਾ ਕੋਈ ਕਰੋਨਾ ਯੋਧਾ ਕੰਮ ਕਰਦੇ ਸਮੇਂ ਕਰੋਨਾ ਹੋ ਜਾਂਦਾ ਹੈ ਅਤੇ ਇਸ ਕਾਰਨ ਉਹ ਸ਼ਹੀਦ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਪਰਿਵਾਰ ਦੀ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇ ਕੇ ਸਹਾਇਤਾ ਕੀਤੀ ਜਾਵੇਗੀ। ਇਸੇ ਯੋਜਨਾ ਤਹਿਤ ਅੱਜ ਸਵ. ਡਾ. ਹਿਤੇਸ਼ ਗੁਪਤਾ ਦੇ ਪਰਿਵਾਰ ਨੂੰ ਮਿਲਣ ਆਇਆ ਹਾਂ ਅਤੇ ਪਰਿਵਾਰ ਨੂੰ ਮਿਲ ਚੁੱਕੇ ਹਾਂ ਅਤੇ ਇਸ ਸਹਿਯੋਗ ਰਾਸ਼ੀ ਲਈ ਚੈੱਕ ਸੌਂਪਿਆ ਹੈ।’’