ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪਵਿੱਤਰ ਦਿਹਾੜੇ ’ਤੇ ਦੇਸ਼ ਵਾਸੀਆਂ ਨੂੰ ਖ਼ੁਸ਼ਖਬਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸੱਚੇ ਦਿਲੋਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਤਾਂ ਫਿਰ ਦੁਨੀਆਂ ਦੀ ਕੋਈ ਤਾਕਤ ਉਸ ਨੂੰ ਮੋੜ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦਾ ਉਦੇਸ਼ ਕਿਸੇ ਨੂੰ ਝੁਕਾਉਣਾ ਨਹੀਂ ਸਗੋਂ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਸੀ। ਗੁਰੂ ਨਾਨਕ ਦੇਵ ਦੀ ਕਿਰਪਾ ਨਾਲ ਇਹ ਖ਼ੁਸ਼ੀ ਅੱਜ ਕਿਸਾਨਾਂ ਦੀ ਝੋਲੀ ਪਈ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਵਿੱਚ ਉਨ੍ਹਾਂ ਨੇ ਵੀ ਕਿਸਾਨਾਂ ਦਾ ਦਿਲ ਖੋਲ੍ਹ ਕੇ ਸਾਥ ਦਿੱਤਾ ਹੈ, ਜਿਨ੍ਹਾਂ ਕੋਲ ਆਪਣੀ ਕੋਈ ਜ਼ਮੀਨ ਨਹੀਂ ਹੈ।