ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਅਕਤੂਬਰ
ਕੌਮੀ ਰਾਜਧਾਨੀ ਦਿੱਲੀ ਤੇ ਐੱਨਸੀਆਰ ਵਿੱਚ ਇਸ ਸਾਲ ਪ੍ਰਦੂਸ਼ਣ ਪਿਛਲੇ ਸਾਲ ਨਾਲੋਂ ਘਟਿਆ ਹੈ। ਜਾਣਕਾਰੀ ਮੁਤਾਬਿਕ ਦੀਵਾਲੀ ਤੋਂ ਇਕ ਦਿਨ ਬਾਅਦ ਮੰਗਲਵਾਰ ਸਵੇਰੇ ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ‘ਚ ਦਰਜ ਕੀਤੀ ਗਈ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੈਦਰ ਫੋਰਕਾਸਟਿੰਗ ਐਂਡ ਰਿਸਰਚ (ਸਫਰ) ਅਨੁਸਾਰ ਦਿੱਲੀ ਵਿੱਚ ਏਕਿਊਆਈ 323 ਦਰਜ ਕੀਤਾ ਗਿਆ ਹੈ। ਏਜੰਸੀ ਅਨੁਸਾਰ ਆਈਆਈਟੀ ਦਿੱਲੀ ਦੇ ਨੇੜੇ ਏਕਿਊਆਈ 280 ‘ਤੇ ‘ਮਾੜੀ’ ਸ਼੍ਰੇਣੀ ਵਿੱਚ ਰਿਹਾ। ਮਥੁਰਾ ਰੋਡ ‘ਤੇ ਏਕਿਊਆਈ ‘ਬਹੁਤ ਖਰਾਬ’ ਸ਼੍ਰੇਣੀ ਵਿੱਚ 322 ਦਰਜ ਕੀਤਾ ਗਿਆ ਜਦੋਂ ਕਿ ਦਿੱਲੀ ਹਵਾਈ ਅੱਡੇ ਦੇ ਆਲੇ-ਦੁਆਲੇ 354 ਸੀ। ਪਿਛਲੇ ਸਾਲ ਏਕਿਊਆਈ 462 ਦਰਜ ਕੀਤਾ ਗਿਆ ਸੀ। ਦੀਵਾਲੀ ਦੀ ਰਾਤ ਪਟਾਕੇ ਚਲਾਉਣ ਕਾਰਨ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਮੰਗਲਵਾਰ ਦੀ ਸਵੇਰ ਬਹੁਤ ਖਰਾਬ ਰਹੀ। ਦਿੱਲੀ-ਐਨਸੀਆਰ ਵਿੱਚ ਸੀਜ਼ਨ ਦਾ ਪਹਿਲਾ ਧੂੰਆਂ ਸੀ। ਮਾਹਰ ਇਸ ਨੂੰ ਧੁੰਦ ਵੀ ਮੰਨ ਰਹੇ ਹਨ। ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਇਹ ਸਮੌਗ ਹੈ ਕਿਉਂਕਿ ਦੀਵਾਲੀ ਦੀ ਰਾਤ ਨੂੰ ਪਟਾਕਿਆਂ ਨਾਲ ਧੂੰਏਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਸਾਲ ਦੀ ਸ਼ੁਰੂਆਤ ‘ਚ 10 ਜੂਨ ਨੂੰ ਏਕਿਊਆਈ 300 ਨੂੰ ਪਾਰ ਕਰ ਗਿਆ ਸੀ। ਦੀਵਾਲੀ ‘ਤੇ ਪ੍ਰਦੂਸ਼ਣ ਵਧਣ ਕਾਰਨ ਪਟਾਕੇ ਚਲਾਉਣਾ ਅਤੇ ਹਵਾ ਦੀ ਰਫ਼ਤਾਰ ਧੀਮੀ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੌਮੀ ਰਾਜਧਾਨੀ ਖੇਤਰ ਦੇ ਸ਼ਹਿਰਾਂ ਗਾਜ਼ੀਆਬਾਦ (285), ਨੋਇਡਾ (320), ਗ੍ਰੇਟਰ ਨੋਇਡਾ (294), ਗੁਰੂਗ੍ਰਾਮ (315) ਤੇ ਫਰੀਦਾਬਾਦ (310) ਵਿੱਚ ਵੀ ਹਵਾ ਦੀ ਗੁਣਵੱਤਾ ਖਰਾਬ ਤੋਂ ਬਹੁਤ ਖਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਏਕਿਊਆਈ ਨੂੰ ਸਿਫ਼ਰ ਦੇ ਵਿਚਕਾਰ ‘ਬਿਹਤਰ’, 51 ਤੋਂ 100 ਤੱਕ ‘ਤਸੱਲੀਬਖ਼ਸ਼’ 101 ਤੋਂ 200 ਤੱਕ ‘ਮੱਧਮ’, 201 ਤੋਂ 300 ਵਿਚਕਾਰ ‘ਖਰਾਬ’, 301 ਤੋਂ 400 ਤੱਕ ‘ਬਹੁਤ ਖਰਾਬ’ ਅਤੇ 401 ਤੋਂ 500 ਤੱਕ ਏਕਿਊਆਈ ‘ਗੰਭੀਰ’ ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਦੀਵਾਲੀ ਤੋਂ ਪਹਿਲਾਂ ਹਵਾ ਗੁਣਵੱਤਾ ਦਾ ਪੱਧਰ ‘ਖਰਾਬ ਸ਼੍ਰੇਣੀ’ ਵਿੱਚ ਬਰਕਰਾਰ ਸੀ।
ਕੌਮੀ ਰਾਜਧਾਨੀ ਵਿੱਚ ਪਾਬੰਦੀ ਦੇ ਬਾਵਜੂਦ ਆਤਿਸ਼ਬਾਜ਼ੀ
ਸੁਪਰੀਮ ਕੋਰਟ ਤੇ ਕੌਮੀ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਦਿੱਲੀ ਐੱਨਸੀਆਰ ਵਿੱਚ ਲੋਕਾਂ ਨੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਪਟਾਕੇ ਚਲਾਏ। ਦੀਵਾਲੀ ਦੀ ਰਾਤ 11 ਵਜੇ ਤੋਂ ਬਾਅਦ ਤੱਕ ਦਿੱਲੀ-ਐੱਨਸੀਆਰ ਦੇ ਜ਼ਿਲ੍ਹਿਆਂ ਫਰੀਦਾਬਾਦ, ਗੁਰੂਗ੍ਰਾਮ, ਨੋਇਡਾ, ਗ੍ਰੈਟਰ ਨੋਇਡਾ, ਗਾਜ਼ੀਆਬਾਦ, ਸੋਨੀਪਤ, ਬਹਾਦਰਗੜ੍ਹ ਵਿੱਚ ਪਟਾਕਿਆਂ ਦੀ ਵਿਕਰੀ ਹੋਈ ਤੇ ਲੋਕਾਂ ਨੇ ਖੂਬ ਪਟਾਕੇ ਚਲਾਏ ਗਏ। ਮਾਹਿਰਾਂ ਅਨੁਸਾਰ ਦਿੱਲੀ-ਐੱਨਸੀਆਰ ਦੇ ਸ਼ਹਿਰਾਂ ਵਿੱਚ ਪਾਬੰਦੀ ਦੇ ਬਾਵਜੂਦ ਲੋਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪਟਾਕੇ ਚਲਾ ਰਹੇ ਸਨ।
ਪ੍ਰਦੂਸ਼ਣ ਘਟਾਉਣ ਲਈ ਸਖਤ ਮਿਹਨਤ ਕਰ ਰਹੇ ਨੇ ਦਿੱਲੀ ਵਾਸੀ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਵੱਲੋਂ ਸ਼ਹਿਰ ਵਿੱਚ ਪ੍ਰਦੂਸ਼ਣ ਰੋਕਣ ਲਈ ਕੀਤੀਆਂ ਕੋਸ਼ਿਸ਼ਾਂ ਦੇ ਨਤੀਜੇ ਉਤਸ਼ਾਹਜਨਕ ਹਨ ਪਰ ਅਜੇ ਲੰਬਾ ਸਫ਼ਰ ਤੈਅ ਕਰਨਾ ਬਾਕੀ ਹੈ। ਉਨ੍ਹਾਂ ਦੀ ਇਹ ਟਿੱਪਣੀ ਦੀਵਾਲੀ ਤੋਂ ਇਕ ਦਿਨ ਬਾਅਦ ਆਈ ਹੈ ਜਦੋਂ ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿਚ ਦਰਜ ਕੀਤੀ ਗਈ। ਕੇਜਰੀਵਾਲ ਨੇ ਟਵੀਟ ਵਿੱਚ ਕਿਹਾ, ‘ਦਿੱਲੀ ਵਾਸੀ ਪ੍ਰਦੂਸ਼ਣ ਦੇ ਖੇਤਰ ਵਿੱਚ ਸਖ਼ਤ ਮਿਹਨਤ ਕਰ ਰਹੇ ਹਨ। ਬਹੁਤ ਹੀ ਉਤਸ਼ਾਹਜਨਕ ਨਤੀਜੇ ਆਏ ਹਨ ਪਰ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ। ਅਸੀਂ ਦਿੱਲੀ ਨੂੰ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਬਣਾਵਾਂਗੇ’ ਹਾਲਾਂਕਿ ਅਨੁਕੂਲ ਮੌਸਮੀ ਸਥਿਤੀਆਂ ਕਾਰਨ ਸਥਿਤੀ ਪਿਛਲੇ ਸਾਲਾਂ ਨਾਲੋਂ ਬਿਹਤਰ ਹੈ।
ਕੇਜਰੀਵਾਲ ਪ੍ਰਦੂਸ਼ਣ ਘਟਾਉਣ ਵਿੱਚ ਅਸਫ਼ਲ ਰਹੇ: ਕਾਂਗਰਸ
ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਸਬੰਧੀ ਬਿਆਨਬਾਜ਼ੀ ਕਰਦੇ ਹਨ ਜਦੋਂ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਕੋਈ ਸਾਕਾਰਾਤਮਕ ਅਤੇ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਹਨ, ਜਿਸ ਦੇ ਨਤੀਜੇ ਵਜੋਂ ਦਿੱਲੀ ਵਿਸ਼ਵ ਵਿੱਚ ਪ੍ਰਦੂਸ਼ਣ ਵਿੱਚ ਪਹਿਲੇ ਨੰਬਰ ‘ਤੇ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਨੁਸਾਰ ਦੀਵਾਲੀ ਨੇੜੇ ਪਟਾਕਿਆਂ ਕਾਰਨ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ ਪਰ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਦਿੱਲੀ ਵਾਸੀਆਂ ਵੱਲੋਂ ਰਾਜਧਾਨੀ ਵਿੱਚ ਪਟਾਕੇ ਨਾ ਚਲਾਉਣਾ ਪ੍ਰਦੂਸ਼ਣ ਵਿੱਚ ਦਿੱਲੀ ਦਾ ਸਿਖਰ ’ਤੇ ਹੋਣਾ ਪ੍ਰਦੂਸ਼ਣ ਰੋਕਣ ਵਿੱਚ ਦਿੱਲੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਡੀ-ਕੰਪੋਜ਼ਰ ਘੋਲ ਦੀ ਵਰਤੋਂ ਕਰਨ ਤੋਂ ਪਹਿਲਾਂ ਹੀ ਦਿੱਲੀ, ਪੰਜਾਬ ਤੇ ਹਰਿਆਣਾ ਵਿੱਚ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਧਾਨੀ ਵਿੱਚ ਪਟਾਕਿਆਂ ਦੀ ਵਰਤੋਂ ‘ਤੇ ਪਾਬੰਦੀ ਦੇ ਬਾਵਜੂਦ ਹਵਾ ਪ੍ਰਦੂਸ਼ਣ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਜਿਸ ਕਾਰਨ ਬਜ਼ੁਰਗਾਂ ਤੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪ੍ਰਦੂਸ਼ਣ ਦਾ ਪੱਧਰ ਪੰਜ ਸਾਲਾਂ ਦੇ ਮੁਕਾਬਲੇ ਘੱਟ ਦਰਜ: ਗੋਪਾਲ ਰਾਏ
ਨਵੀਂ ਦਿੱਲੀ: ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਪਟਾਕੇ ਚੱਲਣ ਦੀਆਂ ਘੱਟਨਾਵਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਬਾਰ 30 ਫੀਸਦ ਕਮੀ ਦਰਜ ਕੀਤੀ ਗਈ ਹੈ ਤੇ ਸ਼ਹਿਰ ਵਿੱਚ ਦੀਵਾਲੀ ਮਗਰੋਂ ਹਵਾ ਗੁਣਵੱਤਾ ਪੰਜ ਸਾਲ ਬਾਅਦ ਬਿਹਤਰ ਰਹੀ ਹੈ। ਰਾਏ ਨੇ ਕਿਹਾ ਕਿ ਅੱਜ ਹਵਾ ਗੁਣਵੱਤਾ ਦਾ ਸੂਚਕ ਅੰਕ 323 ਰਿਹਾ, ਜਦੋਂ ਕਿ ਪਿਛਲੇ ਸਾਲ ਇਹ 462 ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅੱਜ 150 ਐਂਟੀ ਸਮੌਗ ਗਨਜ਼ ਵਾਲੀਆਂ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਬੰਧੀ ਕਰਵਾਏ ਸਮਾਗਮ ਦੌਰਾਨ ਗੋਪਾਲ ਰਾਏ ਨੇ ਕਿਹਾ, ‘‘ਦਿੱਲੀ ਦੇ ਲੋਕ ਇਸ ਸਾਲ ਦੀਵਾਲੀ ਮੌਕੇ ਕਾਫ਼ੀ ਚੌਕਸ ਰਹੇ। ਉਨ੍ਹਾਂ ਦੱਸਿਆ ਕਿ ਅੱਜ ਪ੍ਰਦੂਸ਼ਣ ਦਾ ਪੱਧਰ ਬੀਤੇ ਪੰਜ ਸਾਲਾਂ ਦੇ ਮੁਕਾਬਲੇ ਕਾਫ਼ੀ ਘੱਟ ਸੀ। ਰਾਏ ਨੇ ਕਿਹਾ ਕਿ ਇਸ ਸਾਲ ਦੀਵਾਲੀ ’ਤੇ ਆਤਿਸ਼ਬਾਜ਼ੀ ਚੱਲਣ ਦੀਆਂ ਘੱਟਨਾਵਾਂ ਵਿੱਚ 30 ਫੀਸਦ ਕਮੀ ਆਈ ਹੈ।
ਉਨ੍ਹਾਂ ਕਿਹਾ ਕਿ 323 ਏਕਿਊਆਈ ਹਾਲੇ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਹੈ ਤੇ ਅਗਲੇ ਦਿਨਾਂ ਵਿੱਚ ਇਹ ਹੋਰ ਵਧਣ ਦਾ ਖਦਸ਼ਾ ਹੈ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਕੇਂਦਰ ਦੇ ਸਹਿਯੋਗ ਤੋਂ ਸੂਬੇ ਵਿੱਚ ਪਰਾਲੀ ਸਾੜਨ ਦੀਆਂ ਘੱਟਨਾਵਾਂ ’ਤੇ ਕਾਬੂ ਪਾਇਆ ਹੈ। ਦੀਵਾਲੀ ਵਾਲੇ ਦਿਨ ਵਿੱਚ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 1019 ਘਟਨਾਵਾਂ ਸਾਹਮਣੇ ਆਈਆਂ ਹਨ। ਦੂਜੇ ਪਾਸੇ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। -ਪੀਟੀਆਈ