ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਪਰੈਲ
ਜਮਹੂਰੀ ਕਿਸਾਨ ਸਭਾ ਦੇ ਸਥਾਨਕ ਸਿੰਘੂ ਬਾਰਡਰ ਦਫਤਰ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਰਨੈਲ ਸਿੰਘ ਫਿਲੌਰ ਦੀ ਪ੍ਰਧਾਨਗੀ ਹੇਠ ਹੋਈ ਜਥੇਬੰਦੀਆ ਦੀ ਮੀਟਿੰਗ ਵਿੱਚ ਐਲਾਨ ਕੀਤਾ ਕਿ ਇੱਕ ਮਈ ਦੇ ਮਜ਼ਦੂਰ ਦਿਵਸ ’ਤੇ ਮਜ਼ਦੂਰ ਤੇ ਕਿਸਾਨ ਵੱਡੀ ਗਿਣਤੀ ਵਿੱਚ ਸਿੰਘੂ ਬਾਰਡਰ ਕਿਸਾਨ ਮੋਰਚੇ ਵਿੱਚ ਪੁੱਜਣਗੇ।ਮੀਟਿੰਗ ਨੂੰ ਸੰਬੋਧਨ ਕਰਦਿਆ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕੇ ਕਿਸਾਨ ਮੋਰਚਿਆਂ ਨੂੰ ਤਕੜੇ ਕਰਨਾ ਸਮੇਂ ਦੀ ਪਰਮੁੱਖ ਲੋੜ ਹੈ। ਉਨ੍ਹਾਂ ਜਥੇਬੰਦੀਆ ਦੇ ਆਗੂਆ ਨੂੰ ਦਿੱਲੀ ਬਾਰਡਰਾਂ ’ਤੇ ਲੱਗੇ ਮੋਰਚਿਆ ਵਿੱਚ ਹਾਜ਼ਰੀ ਵਧਾਉਣ ਅਤੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦਾ ਸੱਦਾ ਦਿੱਤਾ। ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕੇ ਮੋਦੀ ਸਰਕਾਰ ਸੰਘਰਸ਼ ਨੂੰ ਲੀਹੋ ਲਹੁਣ ਲਈ ਲਗਾਤਾਰ ਸਾਜਸ਼ਾਂ ਕਰ ਰਹੀ ਹੈ ਤੇ ਕਰੋਨਾ ਦੇ ਬਹਾਨੇ ਹੇਠ ਨਵੀਆ ਸਾਜਸ਼ਾਂ ਘੜ ਰਹੀ ਹੈ। ਉਨ੍ਹਾਂ ਕਿਹਾ ਕੇ ਪਹਿਲਾ ਦੀ ਤਰ੍ਹਾਂ ਕਿਸਾਨ ਨਵੇਂ ਹਮਲਿਆ ਦਾ ਜਵਾਬ ਵੀ ਪੂਰੀ ਸਿੱਦਕਦਿਲੀ ਤੇ ਸ਼ਾਂਤੀ ਨਾਲ ਦਿਦਿਆ ਨਵੇਂ ਹਮਲਿਆ ਨੂੰ ਪਛਾੜਨਗੇ। ਇਸ ਮੌਕੇ ਸਭਾ ਦੇ ਖਜ਼ਾਨਚੀ ਜਸਵਿੰਦਰ ਸਿੰਘ ਢੇਸੀ, ਮਨੋਹਰ ਸਿੰਘ ਗਿੱਲ, ਬਲਵਿੰਦਰ ਸਿੰਘ ਰਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਆਗੂ ਧਰਮਿੰਦਰ ਸਿੰਘ ਮੁਕੇਰੀਆ ਆਦਿ ਆਗੂਆ ਸੰਬੋਧਨ ਕੀਤਾ। ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਪ੍ਰੈੱਸ ਕਾਨਫਰੰਸ ਕਰਕੇ ਸੰਯੁਕਤ ਮੋਰਚੇ ਵੱਲੋਂ ਮਈ ਦੇ ਪਹਿਲੇ ਪਖਵਾੜੇ ਵਿੱਚ ਦਿੱਲੀ ਸੰਸਦ ਭਵਨ ਵੱਲ ਕੂਚ ਕਰਨ ਦੇ ਐਲਾਨ ਨੂੰ ਵਾਪਸ ਲੈਣ ਦੇ ਫੈਸਲੇ ਨੂੰ ਮੁੜ ਵਿਚਾਰਨ ਤੇ ਲੋਕਾਂ ਵਿੱਚ ਭਰੋਸਾ ਕਾਇਮ ਰੱਖਣ ਦੀ ਅਪੀਲੀ ਕੀਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਮੋਰਚੇ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਿਹੜੀਆਂ ਹਾਲਤਾਂ ਵਿੱਚ ਫੈਸਲਾ ਬਦਲਿਆ ਗਿਆ ਹੈ ਤਾਂ ਜੋ ਲੋਕ ਨਿਰਾਸ਼ਾ ਵਿੱਚ ਨਾ ਜਾਣ।
ਮਜ਼ਦੂਰਾਂ ਨੂੰ ਛੇਤੀ ਮੋਰਚਿਆਂ ਵਿੱਚ ਆਉਣ ਦਾ ਸੱਦਾ
ਖੇਤੀ ਕਾਨੂੰਨਾਂ ਖ਼ਿਲਾਫ਼ ਆਰੰਭੇ ਕਿਸਾਨ ਅੰਦੋਲਨ ਨੂੰ ਆਖਰੀ ਸਾਹ ਤੱਕ ਲੜਨ ਦਾ ਪ੍ਰਣ ਕਰਦੇ ਹੋਏ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਆਗੂ ਬਲਜੀਤ ਸਿੰਘ ਗਰੇਵਾਲ ਨੇ ਅੱਜ ਇਥੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ, ਹਰਿਆਣਾ ਦੀ ਖੱਟਰ ਸਰਕਾਰ ਲੋਕਡਾਊਨ ਦਾ ਰੋਲਾ ਪਵਾ ਕੇ ਕਿਸਾਨ ਅੰਦੋਲਨ ਨੂੰ ਕੁਚਲਣ ਦੀ ਜੋ ਚਾਲ ਚੱਲ ਰਹੇ ਹਨ ਇਸ ਨੂੰ ਕਿਸਾਨ ਸਫ਼ਲ ਨਹੀਂ ਹੋਣ ਦੇਣਗੇ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂਆਂ ਦੀ ਮੀਟਿੰਗ ਅੱਜ ਇਥੇ ਮੱਖਣ ਭੋਗ ਰੈਸਟੋਰੈਂਟ ਨੇੜੇ ਹੋਈ। ਇਸ ਮੌਕੇ ਅੱਜ ਦੇ ਹਾਲਾਤ ਨਾਲ ਨਬਿੜਨ ਦਾ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨ ਆਗੂ ਗਰੇਵਾਲ ਨੇ ਕਿਹਾ ਕਿ ਇਸ ਸਮੇਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਸਮੁੱਚੇ ਦੇਸ਼ ਦੇ ਲੋਕ ਉਠ ਪਏ ਹਨ। ਮੋਦੀ ਸਰਕਾਰ ਲੌਕਡਾਊਨ ਦੀ ਆੜ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ, ਜਿਸ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕਰੋਨਾ ਦਾ ਵਾਇਰਸ ਹੈ ਤਾਂ ਫਿਰ ਕਿਸਾਨ ਮੋਰਚਿਆਂ ਵਿੱਚ ਸਰਕਾਰ ਡਿਸਪੈਂਸਰੀਆਂ ਖੋਲ੍ਹੇ, ਸੈਨੇਟਾਈਜ਼ਰ ਕੀਤਾ ਜਾਵੇ, ਕਰੋਨਾ ਦੀ ਰੋਕਥਾਮ ਲਈ ਕਦਮ ਚੁੱਕੇ ਜਾਣ। ਕਿਸਾਨ ਆਗੂ ਨੇ ਕਿਹਾ ਕਿ ਅੱਜ ਬਾਰਡਰਾਂ ’ਤੇ ਪਿੰਡ ਵੱਸ ਗਏ ਹਨ। ਇਥੇ ਹੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।