ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੂਨ
ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਲਈ ਦਿੱਲੀ ਦੇ ਮਹਾਰਾਣਾ ਪ੍ਰਤਾਪ ਬੱਸ ਟਰਮੀਨਸ ’ਤੇ ਬਣੇ ਕਾਊਂਟਰਾਂ ਰਾਹੀਂ ਕੁੱਝ ਮੁਲਾਜ਼ਮਾਂ ਵੱਲੋਂ ਪੁਰਾਣੀਆਂ ਟਿਕਟਾਂ ਜਾਂ ਇਸਤੇਮਾਲ ਕੀਤੀਆਂ ਟਿਕਟਾਂ ਯਾਤਰੀਆਂ ਨੂੰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਮੂਲ ਚੰਦ ਸ਼ਰਮਾ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ।
ਆਈਐੱਸਬੀਟੀ ਕਸ਼ਮੀਰੀ ਗੇਟ ਤੋਂ ਨਹੂੰ ਡਿਪੂ ਦੀ ਬੱਸ ਦਿੱਲੀ ਤੋਂ ਚੰਡੀਗੜ੍ਹ ਲਈ ਚੱਲਣ ਤੋਂ ਪਹਿਲਾਂ ਇੱਕ ਕੰਡਕਟਰ ਵੱਲੋਂ ਇੱਕ ਯਾਤਰੀ ਨੂੰ ਕਾਊਂਟਰ ਤੋਂ ਹੀ 300 ਰੁਪਏ ਦੀ ਕੀਮਤ ਦੀਆਂ ਕੁੱਲ ਤਿੰਨ ਟਿਕਟਾਂ ਦਿੱਤੀਆਂ ਗਈਆਂ। ਸੋਨੀਪਤ ਕੋਲ ਦਸਤੇ ਨੇ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਕੀਤੀ ਤਾਂ ਉਸ ਯਾਤਰੀ ਦੀਆਂ ਕੁੱਲ ਤਿੰਨ ਟਿਕਟਾਂ ਵਿੱਚੋਂ ਇੱਕ ਟਿਕਟ ਪੁਰਾਣੇ ਲੜੀ ਨੰਬਰ ਦੀ ਪਾਈ ਗਈ। ਚੈੱਕਰਾਂ ਨੇ ਉਸ ਸਵਾਰੀ ਨੂੰ ਬੱਸ ਤੋਂ ਲਾਹ ਲਿਆ ਤੇ ਬੱਸ ਰੋਕਣ ਦਾ ਐਲਾਨ ਕਰ ਦਿੱਤਾ। ਜਿਸ ਮਗਰੋਂ ਕਈ ਸਵਾਰੀਆਂ ਨੂੰ ਦੂਜੀਆਂ ਬੱਸਾਂ ਰਾਹੀਂ ਚੰਡੀਗੜ੍ਹ ਰਵਾਨਾ ਕੀਤਾ ਗਿਆ।
ਇਸ ਜਾਂਚ ਦੌਰਾਨ ਕਰੀਬ ਇੱਕ ਘੰਟਾ ਯਾਤਰੀ ਖੱਜਲ-ਖੁਆਰ ਹੋਏ। ਜਦੋਂ ਟਰਾਂਸਪੋਰਟ ਮੰਤਰੀ ਕੋਲ ਮਾਮਲਾ ਜਾਣ ਦੀ ਭਿਣਕ ਚੈੱਕਰਾਂ ਨੂੰ ਪਈ ਤਾਂ ਆਈਐਸਬੀਟੀ (ਕਸ਼ਮੀਰੀ ਗੇਟ) ਦੇ ਉੱਚ ਅਧਿਕਾਰੀ ਚੌਕਸ ਕੀਤੇ ਗਏ। ਉਨ੍ਹਾਂ ਤੁਰੰਤ ਬੱਸ ਨੂੰ ਚੰਡੀਗੜ੍ਹ ਰਵਾਨਾ ਕਰਨ ਦਾ ਫ਼ੈਸਲਾ ਚੈੱਕਰਾਂ ਨੂੰ ਦਿੱਤਾ।