ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਨਵੰਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਔਡ-ਈਵਨ ਯੋਜਨਾ ਮਾਹਿਰਾਂ ਦੀ ਸਲਾਹ ਤੋਂ ਬਾਅਦ ਸਰਕਾਰ ਵੱਲੋਂ ਚੁੱਕਿਆ ਗਿਆ ਆਖਰੀ ਵੱਡਾ ਕਦਮ ਹੋਵੇਗਾ। ਗੋਪਾਲ ਰਾਏ ਨੇ ਕਿਹਾ, ‘‘ਦਿੱਲੀ ਦੀ ਹਵਾ ਤੋਂ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਔਡ-ਈਵਨ ਆਖਰੀ ਵੱਡਾ ਕਦਮ ਹੈ, ਸਰਕਾਰ ਮਾਹਿਰਾਂ ਦੀ ਸਲਾਹ ਲੈ ਕੇ ਇਸ ਕਦਮ ਦਾ ਫ਼ੈਸਲਾ ਲਵੇਗੀ। ਇਸ ਦੌਰਾਨ ਦਿੱਲੀ ਮੈਟਰੋ ਅਤੇ ਜਨਤਕ ਬੱਸਾਂ ਦੇ ਗੇੜੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਲਈ ਨਿਰਦੇਸ਼ ਦਿੱਤੇ ਗਏ ਹਨ। ਸੋਮਵਾਰ ਨੂੰ ਸਕੱਤਰੇਤ ਵਿੱਚ ਟਰਾਂਸਪੋਰਟ ਵਿਭਾਗ ਅਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਨਾਲ ਮੀਟਿੰਗ ਹੈ।’’
ਦਿੱਲੀ ਸਰਕਾਰ ਨੇ 13 ਨਵੰਬਰ ਨੂੰ ਹਵਾ ਪ੍ਰਦੂਸ਼ਣ ਦੀ ਸਥਿਤੀ ਨੂੰ ਲੈ ਕੇ ਪੱਤਰਾਂ ਦਾ ਜਵਾਬ ਨਾ ਦੇਣ ’ਤੇ ਕੇਂਦਰ ’ਤੇ ਨਿਸ਼ਾਨਾ ਸੇਧਿਆ ਹੈ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਭੂਪਿੰਦਰ ਯਾਦਵ ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਦੀ ਸੰਕਟਕਾਲੀਨ ਸਥਿਤੀ ਨੂੰ ਲੈ ਕੇ ਦੋ ਵਾਰ ਲਿਖੇ ਉਨ੍ਹਾਂ ਦੇ ਪੱਤਰਾਂ ਦਾ ਜਵਾਬ ਨਹੀਂ ਦੇ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਨਾਗਰਿਕਾਂ ਨੂੰ ਇਸ ਮੁੱਦੇ ’ਤੇ ਲੋੜੀਂਦੀ ਕਾਰਵਾਈ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਵਾਤਾਵਰਨ ਮੰਤਰਾਲੇ ਨੂੰ ਅਪੀਲ ਕਰਨੀ ਚਾਹੀਦੀ ਹੈ।
ਰਾਏ ਨੇ ਦੱਸਿਆ, ‘‘ਮੈਂ ਪਰਾਲੀ ਸਾੜਨ ਦੇ ਮੁੱਦੇ ’ਤੇ ਕੇਂਦਰੀ ਵਾਤਾਵਰਨ ਮੰਤਰੀ ਭੂਪਿੰਦਰ ਯਾਦਵ ਨੂੰ ਦੋ ਵਾਰ ਪੱਤਰ ਲਿਖਿਆ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਇਹ ਐਮਰਜੈਂਸੀ ਸਥਿਤੀ ਹੈ, ਮੈਨੂੰ ਨਹੀਂ ਪਤਾ ਕਿ ਕੇਂਦਰ ਕਿਉਂ ਜਵਾਬ ਨਹੀਂ ਦੇ ਰਹੀ। ਮੈਨੂੰ ਲੱਗਦਾ ਹੈ ਕਿ ਦਿੱਲੀ ਦੇ ਲੋਕਾਂ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਕੇਂਦਰੀ ਮੰਤਰੀ ਨੂੰ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੀ ਇਸ ਐਮਰਜੈਂਸੀ ਸਥਿਤੀ ’ਤੇ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕਰਨੀ ਚਾਹੀਦੀ ਹੈ। ਕੇਂਦਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਨਹੀਂ ਚਾਹੀਦਾ, ਉਨ੍ਹਾਂ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ।’’
‘ਆਪ’ ਮੰਤਰੀ ਨੇ ਅੱਗੇ ਕਿਹਾ ਕਿ ਦਿੱਲੀ ਸਰਕਾਰ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ, ਜਿਵੇਂ ਕਿ ਧੂੜ ਵਿਰੋਧੀ ਮੁਹਿੰਮ, ਖੁੱਲ੍ਹੇ ਵਿੱਚ ਸਾੜਨ ਵਿਰੋਧੀ ਮੁਹਿੰਮ ਅਤੇ ਰੈੱਡ ਲਾਈਟ ਆਨ, ਗੱਡੀ ਬੰਦ ਮੁਹਿੰਮ।