ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਮਈ
ਮਹਾਰਾਜਾ ਅਗਰਸੈਨ ਹਸਪਤਾਲ ਦੇ ਨਰਸਿੰਗ ਸਟਾਫ ਦੇ ਦੋ ਜਣਿਆਂ ਨੂੰ ਪੱਛਮੀ ਦਿੱਲੀ ਦੇ ਪੰਜਾਬੀ ਬਾਗ਼ ਖੇਤਰ ਤੋਂ ਮੌਤ ਦੇ ਮੂੰਹ ਵਿਚ ਜਾ ਪਏ ਕੋਵਿਡ ਮਰੀਜ਼ਾਂ ਦੇ ਰੈਮਡੇਸਿਵਿਰ ਟੀਕੇ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਮਰੀਜ਼ਾਂ ਦੀ ਇਲਾਜ ਦੌਰਾਨ ਉਕਤ ਹਸਪਤਾਲ ਵਿੱਚ ਮੌਤ ਹੋ ਗਈ ਸੀ ਤੇ ਉਨ੍ਹਾਂ ਨੂੰ ਨਰਸਿੰਗ ਸਟਾਫ ਉੱਚ ਕੀਮਤ ’ਤੇ ਵੇਚ ਰਿਹਾ ਸੀ। ਕੋਵਿਡ -19 ਮਰੀਜ਼ਾਂ ਦਾ ਇਲਾਜ ਕਰਨ ਲਈ ਵਰਤੀ ਜਾਣ ਵਾਲੀ ਦਵਾਈ ਦੀਆਂ ਪੰਜ ਸ਼ੀਸ਼ੀਆਂ ਉਨ੍ਹਾਂ ਕੋਲੋਂ ਬਰਾਮਦ ਕੀਤੀਆਂ ਗਈਆਂ ਹਨ। ਹੁਣ ਤੱਕ ਰਾਸ਼ਟਰੀ ਰਾਜਧਾਨੀ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਦੇ ਚਾਰ ਨਰਸਿੰਗ ਸਟਾਫ ਨੂੰ ਹਸਪਤਾਲ ਤੋਂ ਰੈਮਡੇਸਿਵਿਰ ਟੀਕੇ ਚੋਰੀ ਕਰਨ ਤੇ ਉਨ੍ਹਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਉੱਚ ਕੀਮਤ ’ਤੇ ਵੇਚਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਡੋਮਾਥੋਤੀ ਯਸ਼ਵੰਤ ਰਾਓ (27) ਤੇ ਦੀਪਕ ਸਿੰਘ (28) ਵਜੋਂ ਹੋਈ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਓ ਮਹਾਰਾਜਾ ਅਗਰਸੈਨ ਹਸਪਤਾਲ, ਪੰਜਾਬੀ ਬਾਗ ਦੇ ਆਈਸੀਯੂ ਵਾਰਡ ਵਿਚ ਸਟਾਫ ਨਰਸ ਵਜੋਂ ਤੇ ਸਿੰਘ ਆਈਸੀਯੂ ਵਾਰਡ ਵਿਚ ਕੰਮ ਕਰਦਾ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਪੰਜ ਟੀਕੇ ਬਰਾਮਦ ਕੀਤੇ ਹਨ। ਪੱਛਮੀ ਜ਼ਿਲ੍ਹਾ ਪੁਲੀਸ ਦੇ ਸਪੈਸ਼ਲ ਸਟਾਫ ਨੂੰ ਸੂਚਨਾ ਮਿਲੀ ਕਿ ਯਸ਼ਵੰਤ ਮਰੀਜ਼ ਦੇ ਰਿਸ਼ਤੇਦਾਰਾਂ ਨਾਲ ਸੌਦਾ ਕਰਨ ਤੋਂ ਬਾਅਦ ਟੀਕਾ ਦੇਣ ਪੰਜਾਬੀ ਬਾਗ ਫਲਾਈਓਵਰ ਨੇੜੇ ਆਵੇਗਾ। ਇਸ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲੀਸ ਨੇ ਜਾਲ ਵਿਛਾਇਆ ਤੇ ਸ਼ਾਮ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਕਬਜ਼ੇ ਵਿਚੋਂ ਦੋ ਟੀਕੇ ਬਰਾਮਦ ਕੀਤੇ ਗਏ ਹਨ। ਅਧਿਕਾਰੀ ਨੇ ਦੱਸਿਆ ਕਿ ਰਾਓ ਦੇ ਸਾਥੀ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।