ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਫਰਵਰੀ
ਕੌਮੀ ਰਾਜਧਾਨੀ ਵਿਚ ਸੋਮਵਾਰ ਤੋਂ ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੀ ਸਕੂਲ ਖੁੱਲ੍ਹਣਗੇ। ਦਿੱਲੀ ਸਰਕਾਰ ਦੇ ਹੁਕਮਾਂ ਮੁਤਾਬਕ ਹੁਣ ਪਹਿਲਾਂ ਵਾਂਗ ਹੀ ਵਿਦਿਆਰਥੀ ਸਕੂਲ ਜਾਣਗੇ ਤੇ ਜਮਾਤਾਂ ਵਿੱਚ ਬੈਠ ਕੇ ਪੜ੍ਹਾਈ ਕਰਨਗੇ। ਵਿਦਿਆਰਥੀਆਂ ਦੇ ਸਵਾਗਤ ਲਈ ਸਕੂਲਾਂ ਨੇ ਵੀ ਤਿਆਰੀਆਂ ਤੇ ਕਰੋਨਾ ਤੋਂ ਬਚਾਅ ਲਈ ਸਕੂਲਾਂ ਵਿੱਚ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਕੂਲਾਂ ਵੱਲੋਂ ਵੀ ਵਿਦਿਆਰਥੀਆਂ ਦੇ ਆਉਣ ਤੋਂ ਪਹਿਲਾਂ ਸਾਰੀਆਂ ਜਮਾਤਾਂ ਦੀ ਸਫ਼ਾਈ, ਸੈਨੇਟਾਈਜ਼ੇਸ਼ਨ, ਟਾਈਮ ਟੇਬਲ, ਮੀਟਿੰਗ ਦੇ ਪ੍ਰਬੰਧ ਆਦਿ ਦੇ ਪ੍ਰਬੰਧ ਕੀਤੇ ਗਏ ਹਨ। ਸੋਮਵਾਰ ਤੋਂ ਛੋਟੀਆਂ ਜਮਾਤਾਂ ਦੇ ਬੱਚੇ ਵੀ ਸਕੂਲ ਆਉਣੇ ਸ਼ੁਰੂ ਹੋ ਜਾਣਗੇ, ਉਨ੍ਹਾਂ ਦਾ ਅਧਿਆਪਕ ਵਿਸ਼ੇਸ਼ ਧਿਆਨ ਰੱਖਣਗੇ। ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਉਨ੍ਹਾਂ ਨੂੰ ਸਕੂਲ ਭੇਜਣ ਲਈ ਸਹਿਮਤੀ ਪੱਤਰ ਭੇਜੇ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧੇਗੀ। ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲਾਂ ਦੀਆਂ ਇਮਾਰਤਾਂ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰ ਦਿੱਤਾ ਗਿਆ ਹੈ। ਸਟਾਫ ਵਧਾ ਦਿੱਤਾ ਗਿਆ ਹੈ ਤਾਂ ਕਿ ਬੱਚੇ ਸਰੀਰਕ ਦੂਰੀ ਦਾ ਧਿਆਨ ਰੱਖਣ ਤੇ ਮਾਸਕ ਪਹਿਨਣਾ ਯਕੀਨੀ ਬਣਾਉਣ। ਬੱਚਿਆਂ ਨੂੰ ਵਾਧੂ ਮਾਸਕ ਲਿਆਉਣ ਲਈ ਵੀ ਕਿਹਾ ਗਿਆ ਹੈ। ਹਰ ਕਲਾਸ ਰੂਮ ਵਿੱਚ ਸੈਨੇਟਾਈਜ਼ਰ ਰੱਖਿਆ ਗਿਆ ਹੈ। ਕਰੋਨਾ ਕਾਰਨ ਕਰੀਬ ਦੋ ਸਾਲ ਤਕ ਬੱਚਿਆਂ ਦਾ ਸਕੂਲ ਜਾਣਾ ਪ੍ਰਭਾਵਿਤ ਹੋਇਆ ਹੈ।
ਜ਼ਿਕਰਯੋਗ ਹੈ ਕਿ ਲਗਭਗ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਹਨ। ਮਾਪਿਆਂ ਦਾ ਕਹਿਣਾ ਹੈ ਕਿ ਕਾਫ਼ੀ ਦੇਰ ਤੱਕ ਘਰ ਬੈਠੇ ਬੱਚੇ ਵੀ ਪ੍ਰੇਸ਼ਾਨ ਹੋ ਰਹੇ ਸਨ, ਜਿਸ ਕਾਰਨ ਉਨ੍ਹਾਂ ਦੀ ਮਾਨਸਿਕ ਸਿਹਤ ’ਤੇ ਵੀ ਅਸਰ ਪੈ ਰਿਹਾ ਸੀ। ਸਕੂਲਾਂ ਨੇ ਮਾਪਿਆਂ ਨੂੰ ਵੀ ਬੁਲਾਇਆ ਹੈ ਅਤੇ ਵਿਦਿਆਰਥੀਆਂ ਨੂੰ ਸਕੂਲ ਭੇਜਣ ਲਈ ਸਹਿਮਤੀ ਪੱਤਰ ਮੰਗੇ ਹਨ। ਸਕੂਲਾਂ ਮੁਤਾਬਕ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਰਾਜ਼ੀ ਹੋ ਗਏ ਹਨ। ਸੋਨੀਆ ਵਿਹਾਰ ਦੇ ਮਾਤਾ-ਪਿਤਾ ਨੇ ਕਿਹਾ, ‘‘ਸਾਧੀ ਧੀ ਕਾਰਪੋਰੇਸ਼ਨ ਸਕੂਲ ਵਿੱਚ ਪੜ੍ਹਦੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਸਕੂਲ ਬੰਦ ਹੋਣ ਕਾਰਨ ਉਸ ਨੂੰ ਘਰ ਬੈਠ ਕੇ ਪੜ੍ਹਾਈ ਕਰਨੀ ਔਖੀ ਹੋ ਰਹੀ ਸੀ। ਕਦੇ ਇੰਟਰਨੈੱਟ ਤੇ ਕਦੇ ਹੋਰ ਸਮੱਸਿਆ, ਪਰ ਹੁਣ ਸਕੂਲ ਖੁੱਲ੍ਹਣ ਨਾਲ ਉਹ ਚੰਗੀ ਤਰ੍ਹਾਂ ਪੜ੍ਹਾਈ ਕਰ ਸਕੇਗੀ।’’ ਮਾਪਿਆਂ ਨੇ ਕਿਹਾ ਕਿ ਕਰੋਨਾ ਦੇ ਦੌਰ ਵਿੱਚ ਸਕੂਲ ਇੰਨੇ ਲੰਬੇ ਸਮੇਂ ਤੱਕ ਬੰਦ ਰਹੇ, ਹਾਲਾਂਕਿ ਪੜ੍ਹਾਈ ਆਨਲਾਈਨ ਹੋ ਰਹੀ ਸੀ ਪਰ ਬੱਚਿਆਂ ਦੀ ਪੜ੍ਹਾਈ ਆਨਲਾਈਨ ਨਾਲੋਂ ਆਫਲਾਈਨ ਸਕੂਲ ਵਿੱਚ ਬਿਹਤਰ ਹੁੰਦੀ ਹੈ। ਬੱਚੇ ਵੀ ਸਕੂਲ ਜਾਣ ਲਈ ਬਹੁਤ ਉਤਸੁਕ ਹਨ।