ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 6 ਜੂਨ
ਵਿਸ਼ਵ ਵਾਤਾਵਰਣ ਦਿਵਸ ਮੌਕੇ ਦੇਸ਼ ਦੇ ਸਭ ਤੋਂ ਵੱਡੇ ਏਅਰਪੋਰਟ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਨਰਸਰੀ ਦੀ ਸ਼ੁਰੂਆਤ ਕੀਤੀ ਗਈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ ਕਿਹਾ ਕਿ ਏਅਰਪੋਰਟ ਦੇ ਨੇੜੇ ਬਣੀ ਨਰਸਰੀ ’ਚ ਇਕ ਲੱਖ 16 ਹਜ਼ਾਰ ਕਿਸਮ ਦੇ ‘ਇਨਡੋਰ’ ਪੌਦੇ ਹਨ ਜੋ ਘਰਾਂ ਦੇ ਅੰਦਰ ਬਰਤਨ ਵਿਚ ਰੱਖੇ ਜਾ ਸਕਦੇ ਹਨ। ਇਹ ਚਾਰ ਲੱਖ ਵਰਗ ਫੁੱਟ ਵਿੱਚ ਫੈਲੀ ਹੋਈ ਹੈ ਤੇ ਦੇਸ਼ ਦੇ ਕਿਸੇ ਵੀ ਹਵਾਈ ਅੱਡੇ ਉੱਤੇ ਬਣਾਈ ਗਈ ਸਭ ਤੋਂ ਵੱਡੀ ਨਰਸਰੀ ਹੈ। ਇਹ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਨਰਸਰੀ ਹੈ। ਇਸ ਵਿਚ ਤਾਪਮਾਨ ਸਹੀ ਰੱਖਣ ਲਈ ਡਿਜੀਟਲ ਪ੍ਰਣਾਲੀ ਤੇ ਸਿੰਚਾਈ ਲਈ ਇਕ ਸਵੈਚਾਲਤ ਪ੍ਰਣਾਲੀ ਹੈ। ਸਿੰਚਾਈ ਪ੍ਰਣਾਲੀ ਸਵੈਚਾਲਿਤ ਹੋਣ ਨਾਲ ਤਾਪਮਾਨ ਤੇ ਨਮੀ ਨੂੰ ਕੰਟਰੋਲ ਕਰਨਾ ਸੌਖਾ ਹੈ। ਡਾਇਲ ਨੇ ਦੱਸਿਆ ਕਿ ਨਰਸਰੀ ਵਿੱਚ ‘ਡੇਜ਼ੀ’ ਪਰਿਵਾਰ ਦੇ 40 ਹਜ਼ਾਰ ਕਿਸਮਾਂ ਦੇ ਪੌਦੇ ਹਨ ਜਿਨ੍ਹਾਂ ਦੇ ਫੁੱਲ ਹਰ ਮੌਸਮ ਵਿੱਚ ਘਰਾਂ ਨੂੰ ਸੁੰਦਰ ਬਣਾਉਣ ਲਈ ਵਰਤੇ ਜਾਂਦੇ ਹਨ ਜਦੋਂ ਕਿ 60 ਹਜ਼ਾਰ ਪੌਦੇ ਮੌਸਮੀ ਫੁੱਲਾਂ ਦੇ ਹੁੰਦੇ ਹਨ। ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਤੇ ਹੋਰ ਅਜਿਹੇ ਖੇਤਰਾਂ ਵਿੱਚ ਸੱਠ ਤੋਂ ਵੱਧ ਕਿਸਮਾਂ ਦੇ ਪੌਦੇ ਰੱਖੇ ਜਾਣਗੇ ਜਿੱਥੇ ਯਾਤਰੀ ਉਨ੍ਹਾਂ ਨੂੰ ਵੇਖ ਸਕਦੇ ਹਨ।