ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਫਰਵਰੀ
‘ਆਪ’ ਦੇ ਐਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਸ਼ਾਸਤ ਉੱਤਰੀ ਐਮਸੀਡੀ 40 ਸਕੂਲਾਂ ਨੂੰ ਬੰਦ ਕਰ ਰਹੀ ਹੈ। ਇਸ ਦਾ ਕਾਰਨ ਉਸ ਨੇ ਦੱਸਿਆ ਕਿ ਸਕੂਲਾਂ ਵਿੱਚ ਬੱਚੇ ਘੱਟ ਹਨ ਜਦੋਂਕਿ ਉੱਤਰੀ ਐਮਸੀਡੀ ਦਾ ਕਹਿਣਾ ਹੈ ਕਿ ਪਿਛਲੇ ਸਾਲ 2.9 ਲੱਖ ਬੱਚੇ ਸਨ ਤੇ ਇਸ ਸਾਲ ਲਗਭਗ 3.03 ਲੱਖ ਬੱਚੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ 13,000 ਬੱਚੇ ਵਧ ਗਏ ਹਨ ਤਾਂ ਭਾਜਪਾ 40 ਸਕੂਲ ਨਵੇਂ ਬਣਾਉਣ ਦੀ ਬਜਾਇ ਬੰਦ ਕਿਉਂ ਕਰ ਰਹੀ ਹੈ। ਉੱਤਰੀ ਐਮਸੀਡੀ ਨੇ ਪਿਛਲੇ ਸਾਲ 34 ਸਕੂਲ ਬੰਦ ਕਰ ਦਿੱਤੇ ਸਨ, ਉਦੋਂ ਵੀ ਬੱਚਿਆਂ ਦੀ ਘਾਟ ਦਾ ਕਾਰਨ ਦੱਸਿਆ ਗਿਆ ਸੀ। ਪਾਠਕ ਨੇ ਕਿਹਾ, ‘‘ਸਾਨੂੰ ਖ਼ਬਰ ਮਿਲੀ ਹੈ ਕਿ ਜਲਦੀ ਹੀ ਭਾਜਪਾ ਇਨ੍ਹਾਂ 40 ਸਕੂਲਾਂ ਨੂੰ ਵੇਚਣ ਦਾ ਮਤਾ ਪਾਸ ਕਰਨ ਜਾ ਰਹੀ ਹੈ। ਦੁਰਗੇਸ਼ ਪਾਠਕ ਨੇ ਕਿਹਾ ਕਿ ਇੱਕ ਪਾਸੇ ਅਰਵਿੰਦ ਕੇਜਰੀਵਾਲ ਦੇ ਸਕੂਲ ਹਨ, ਜੋ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਮਸ਼ਹੂਰ ਹਨ, ਉੱਥੇ ਹੀ ਐਮਸੀਡੀ ਆਪਣੇ ਸਕੂਲਾਂ ਨੂੰ ਬੰਦ ਕਰ ਕੇ ਆਪਣੇ ਆਗੂਆਂ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ।’’
ਡਿਜੀਟਲ ਪ੍ਰੈੱਸ ਕਾਨਫਰੰਸ ’ਚ ਕੁਝ ਦਸਤਾਵੇਜ਼ ਪੇਸ਼ ਕਰਦਿਆਂ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਸ਼ਾਸ਼ਿਤ ਐਮਸੀਡੀ ਨੇ ਕੁਝ ਦਿਨ ਪਹਿਲਾਂ ਹੀ ਦੱਖਣੀ ਦਿੱਲੀ ਵਿੱਚ ਸਕੂਲ ਬੰਦ ਕਰ ਦਿੱਤੇ ਸਨ। ਇਸੇ ਤਰ੍ਹਾਂ ਹੁਣ ਉਹ ਉੱਤਰੀ ਦਿੱਲੀ ਦੇ ਸਕੂਲਾਂ ਨੂੰ ਬੰਦ ਕਰਨ ਜਾ ਰਿਹਾ ਹੈ। ਪਿਛਲੇ ਸਾਲ, ਉਨ੍ਹਾਂ ਨੇ ਉੱਤਰੀ ਐਮਸੀਡੀ ਵਿੱਚ 34 ਸਕੂਲ ਬੰਦ ਕਰ ਦਿੱਤੇ ਸਨ। ਇਸ ਦੇ ਨਾਲ ਹੀ ਇਸ ਸਾਲ 40 ਸਕੂਲਾਂ ਨੂੰ ਬੰਦ ਕਰਨ ਦਾ ਮਤਾ ਲਿਆਂਦਾ ਜਾ ਰਿਹਾ ਹੈ। ਇਸ ਦੇ ਦਸਤਾਵੇਜ਼ ਕੋਲ ਮੌਜੂਦ ਹਨ, ਜਿਸ ਵਿੱਚ ਸਾਰੇ 40 ਸਕੂਲਾਂ ਦੀ ਜਾਣਕਾਰੀ ਲਿਖੀ ਹੋਈ ਹੈ।