ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਪਰੈਲ
ਇੱਥੇ ਅੱਜ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਨੇ ਉੱਤਰੀ ਦਿੱਲੀ ਨਗਰ ਨਿਗਮ ਨੂੰ ਲਾਪ੍ਰਵਾਹੀ ਵਰਤਣ ’ਤੇ ਭਲਸਵਾ ਕੂੜੇ ਦੇ ਪਹਾੜ ਵਿੱਚ ਅੱਗ ਨੂੰ ਰੋਕਣ ਲਈ ਉਚਿਤ ਕਦਮ ਨਾ ਚੁੱਕਣ ਲਈ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਅਧਿਕਾਰੀ ਨੇ ਕਿਹਾ ਕਿ ਉੱਤਰੀ ਦਿੱਲੀ ਨਗਰ ਨਿਗਮ ਨੇ ਅੱਗ ਨੂੰ ਰੋਕਣ ਅਤੇ ਕਾਬੂ ਕਰਨ ਲਈ ਉਚਿਤ ਕਦਮ ਨਹੀਂ ਚੁੱਕੇ। ਅਧਿਕਾਰੀ ਨੇ ਕਿਹਾ ਕਿ ਮਿਆਰੀ ਸੰਚਾਲਨ ਪ੍ਰਕਿਰਿਆ ਦੇ ਅਨੁਸਾਰ, ਐੱਮਸੀਡੀ ਨੂੰ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪਾਣੀ ਦੇ ਟੈਂਕਰਾਂ ਨੂੰ ਸਟੈਂਡ ਬਾਏ ’ਤੇ ਰੱਖਣਾ ਚਾਹੀਦਾ ਸੀ। ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਪਹਿਲਾਂ ਪ੍ਰਦੂਸ਼ਣ ਰੋਕੂ ਸੰਸਥਾ ਨੂੰ ਘਟਨਾ ਦੀ ਜਾਂਚ ਕਰਨ ਅਤੇ 24 ਘੰਟਿਆਂ ਦੇ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਸੀ। ਇੱਕ ਅਧਿਕਾਰੀ ਨੇ ਕਿਹਾ ਕਿ ਉੱਤਰੀ ਨਗਰ ਨਿਗਮ ਨੇ ਅੱਗ ਨੂੰ ਰੋਕਣ ਅਤੇ ਕਾਬੂ ਕਰਨ ਲਈ ਉਚਿਤ ਕਦਮ ਨਹੀਂ ਚੁੱਕੇ। ਮਿਆਰੀ ਸੰਚਾਲਨ ਪ੍ਰਕਿਰਿਆ ਅਨੁਸਾਰ ਨਗਰ ਨਿਗਮ ਨੂੰ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪਾਣੀ ਦੇ ਟੈਂਕਰਾਂ ਨੂੰ ਸਟੈਂਡਬਾਏ ’ਤੇ ਰੱਖਣਾ ਚਾਹੀਦਾ ਸੀ। ਅੱਗ ਮੰਗਲਵਾਰ ਨੂੰ ਇੱਕ ਛੋਟੇ ਜਿਹੇ ਖੇਤਰ ਵਿੱਚ ਸ਼ੁਰੂ ਹੋਈ ਸੀ ਪਰ ਇਹ ਸਿਵਲ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਫੈਲ ਗਈ ਤੇ ਕੂੜੇ ਦੇ ਪੂਰੇ ਪਹਾੜ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸ੍ਰੀ ਰਾਏ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਸ਼ਾਸਿਤ ਨਗਰ ਨਿਗਮਾਂ ਨੂੰ ਦਿੱਲੀ ਵਿੱਚ ਕੂੜੇ ਦੇ ਪਹਾੜਾਂ ਨੂੰ ਸਾਫ਼ ਕਰਨ ਲਈ ਬੁਲਡੋਜ਼ਰ ਦੀ ਵਰਤੋਂ ਕਰਨੀ ਚਾਹੀਦੀ ਸੀ। ਗਾਜ਼ੀਪੁਰ ਲੈਂਡਫਿਲ ਵਿੱਚ 28 ਮਾਰਚ ਤੋਂ ਬਾਅਦ ਅਜਿਹੀਆਂ ਤਿੰਨ ਅੱਗਾਂ ਲੱਗੀਆਂ ਹਨ। ਕੂੜੇ ਦੇ ਪਹਾੜ ਵਿੱਚ ਸੁੱਟਿਆ ਗਿਆ ਗਿੱਲਾ ਕੂੜਾ ਸੜਨ ’ਤੇ ਮੀਥੇਨ ਪੈਦਾ ਕਰਦਾ ਹੈ। ਗਰਮ ਮੌਸਮ ਵਿੱਚ ਮੀਥੇਨ ਆਪਣੇ ਆਪ ਅੱਗ ਫੜ ਲੈਂਦੀ ਹੈ ਅਤੇ ਅੱਗ ਫੈਲ ਜਾਂਦੀ ਹੈ ਕਿਉਂਕਿ ਇਹ ਟੈਕਸਟਾਈਲ ਅਤੇ ਪਲਾਸਟਿਕ ਤੋਂ ਲੱਗਦੀ ਹੈ।