ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਅਪਰੈਲ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਰੋਨਾ ਦੇ ਵੱਧ ਰਹੇ ਕੇਸ ਦੇ ਮੱਦੇਨਜ਼ਰ ਸਿਹਤ ਮੰਤਰੀ ਸਤਿੰਦਰ ਜੈਨ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਰਿਹਾਇਸ਼ ਵਿੱਚ ਮੁਲਾਕਾਤ ਕਰਕੇ ਸਿਹਤ ਪ੍ਰਬੰਧਨ ਸਿਸਟਮ ਦੀ ਪੂਰੀ ਯੋਜਨਾ ਤਿਆਰ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਕਰੋਨਾ ਦੀ ਸਥਿਤੀ ਕੰਟਰੋਲ ਵਿੱਚ ਹੈ ਤੇ ਫਿਲਹਾਲ ਸਰਕਾਰ ਦਾ ਤਾਲਾਬੰਦੀ ਲਾਉਣ ਦਾ ਕੋਈ ਵਿਚਾਰ ਨਹੀਂ ਹੈ। ਜੇਕਰ ਭਵਿੱਖ ਵਿਚ ਜ਼ਰੂਰਤ ਪਈ ਤਾਂ ਜਨਤਾ ਨਾਲ ਗੱਲ ਕਰਕੇ ਫੈਸਲਾ ਲਿਆ ਜਾਵੇਗਾ। ਦਿੱਲੀ ਕਰੋਨਾ ਦੀ ਚੌਥੀ ਲਹਿਰ ਦਾ ਸਾਹਮਣਾ ਕਰ ਰਹੀ ਹੈ ਪਰ ਇਹ ਪਿਛਲੀ ਲਹਿਰ ਨਾਲੋਂ ਘੱਟ ਗੰਭੀਰ ਹੈ ਇਸ ਲਈ ਹੁਣ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ 45 ਸਾਲ ਦੀ ਉਮਰ ਦੀ ਹਦ ਨੂੰ ਦੂਰ ਕਰਨਾ ਚਾਹੀਦਾ ਹੈ ਤੇ ਹਰ ਉਮਰ ਦੇ ਲੋਕਾਂ ਨੂੰ ਯੁੱਧ ਪੱਧਰ ’ਤੇ ਟੀਕਾਕਰਨ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ ਤਾਂ ਜੋ ਕਰੋਨਾ ਨੂੰ ਛੇਤੀ ਤੋਂ ਛੁਟਕਾਰਾ ਮਿਲ ਸਕੇ। ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਫੈਲਣ ਤੋਂ ਰੋਕਣ ਲਈ ਸਾਰੇ ਲੋਕਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ, ਸਮਾਜਿਕ ਦੂਰੀਆਂ ਦਾ ਪਾਲਣ ਕਰਨਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ਨੇ ਡਿਜੀਟਲ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘ਕੋਵਿਡ -19 ਦੀ ਅੱਜ ਜਾਰੀ ਕੀਤੀ ਰਿਪੋਰਟ ਵਿੱਚ 3583 ਨਵੇਂ ਕੇਸ ਸਾਹਮਣੇ ਆਏ ਹਨ। ਮੈਂ ਹਮੇਸ਼ਾਂ ਕਿਹਾ ਹੈ ਕਿ ਦਿੱਲੀ ਨੂੰ ਕਰੋਨਾ ਵਿਚ ਸਭ ਤੋਂ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪਿਆ ਹੈ। ਦੇਸ਼ ਲਈ ਸ਼ਾਇਦ ਇਹ ਦੂਜੀ ਲਹਿਰ ਹੋ ਸਕਦੀ ਹੈ ਪਰ ਦਿੱਲੀ ਲਈ ਇਹ ਚੌਥੀ ਲਹਿਰ ਹੈ। ਅਸੀਂ ਸਾਰੇ ਦਿੱਲੀ ਕਰੋਨਾ ਦੀ ਚੌਥੀ ਲਹਿਰ ਦਾ ਸਾਹਮਣਾ ਕਰ ਰਹੇ ਹਾਂ ਪਹਿਲੀ ਅਪਰੈਲ ਤੋਂ ਕੇਂਦਰ ਸਰਕਾਰ ਨੇ 45 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਟੀਕੇ ਲਗਾਉਣ ਦੀ ਆਗਿਆ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕੱਲ੍ਹ ਅਸੀਂ ਦਿੱਲੀ ਵਿਚ 71 ਹਜ਼ਾਰ ਲੋਕਾਂ ਨੂੰ ਟੀਕਾ ਲਗਾਇਆ। ਹੁਣ ਸਾਡੀ ਸਮਰੱਥਾ 96 ਹਜ਼ਾਰ ਤੱਕ ਪਹੁੰਚ ਗਈ ਹੈ’