ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਅਪਰੈਲ
ਸਪੈਸ਼ਲ ਟਾਸਕ ਫੋਰਸ ਵੱਲੋੋਂ ਦੱਖਣ-ਪੂਰਬੀ ਦਿੱਲੀ ਦੇ ਸਰਿਤਾ ਵਿਹਾਰ ਤੇ ਜਸੋਲਾ ਵਿਹਾਰ ਵਿੱਚ ਅਣਅਧਿਕਾਰਤ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਵੀਰਵਾਰ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਿਆ ਕਿਉਂਕਿ ਦਿੱਲੀ ਪੁਲੀਸ ਨੇ ਨਗਰ ਨਿਗਮ ਨੂੰ ਸੂਚਿਤ ਕੀਤਾ ਕਿ ਮੁਹਿੰਮ ਲਈ ਪੁਲੀਸ ਮੁਹੱਈਆ ਕਰਵਾਉਣਾ ਸੰਭਵ ਨਹੀਂ। ਦਿੱਲੀ ਪੁਲੀਸ ਨੇ ਦੱਖਣੀ ਦਿੱਲੀ ਨਗਰ ਨਿਗਮ ਦੇ ਕਰਮਚਾਰੀਆਂ ਦੀ ਮੰਗ ਕਰਨ ਵਾਲੇ ਪੱਤਰ ਦਾ ਜਵਾਬ ਦਿੱਤਾ ਕਿ ਪੁਲੀਸ ਥਾਣਾ ਸਰਿਤਾ ਵਿਹਾਰ ਦੇ ਪੁਲੀਸ ਸਟਾਫ ਦੀ ਹੋਰ ਕਾਨੂੰਨ ਤੇ ਵਿਵਸਥਾ, ਜਾਂਚ ਡਿਊਟੀਆਂ ਵਿੱਚ ਪਹਿਲਾਂ ਤੋਂ ਰੁਝੇਵੇਂ ਕਾਰਨ, ਵਾਰਡ ਨੰ. 101 ਵਿੱਚ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਚਲਾਉਣ ਵਿੱਚ ਦੱਖਣੀ ਦਿੱਲੀ ਨਗਰ ਨਿਗਮ ਸਟਾਫ ਦੀ ਸਹਾਇਤਾ ਲਈ ਲੋੜੀਂਦਾ ਸਟਾਫ ਅੱਜ ਮੁਹੱਈਆ ਕਰਨਾ ਸੰਭਵ ਨਹੀਂ। ਦੱਖਣ ਨਗਰ ਨਿਗਮ ਦੇ ਮੇਅਰ ਮੁਕੇਸ਼ ਸੂਰਿਆਨ ਨੇ ਕਿਹਾ ਸੀ ਕਿ ਵੀਰਵਾਰ ਨੂੰ ਉੱਥੇ ਵੀ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਚਲਾਈ ਜਾ ਸਕਦੀ ਹੈ ਇਸ ਤੋਂ ਬਾਅਦ ਨੇੜਲੇ ਸ਼ਾਹੀਨ ਬਾਗ ਵਿੱਚ ਕਬਜ਼ੇ ਹਟਾਉਣ ਦਾ ਖਦਸ਼ਾ ਪੈਦਾ ਕਰ ਦਿੱਤਾ। ਸ਼ਾਹੀਨ ਬਾਗ ਦੀ ਲੱਕੜ ਮੰਡੀ ਵਿੱਚ ਕਈ ਵਪਾਰੀ ਖੁਦ ਹੀ ਕਬਜ਼ੇ ਹਟਾਉਂਦੇ ਦੇਖੇ ਗਏ। ਇਕ ਵਪਾਰੀ ਸ਼ਹਿਜ਼ਾਦ ਅਲੀ ਨੇ ਦੱਸਿਆ ਕਿ ਉਹ ਆਪਣੀਆਂ ਸਾਰੀਆਂ ਚੀਜ਼ਾਂ (ਜੋ ਦੁਕਾਨਾਂ ਦੇ ਨੇੜੇ ਜ਼ਮੀਨ ’ਤੇ ਰੱਖਿਆ ਹੋਇਆ ਸੀ) ਅੰਦਰ ਲਿਆ ਰਿਹਾ ਸੀ ਕਿਉਂਕਿ ਖ਼ਬਰ ਸੀ ਕਿ ਐੱਮਸੀਡੀ ਦੇ ਲੋਕ ਆ ਕੇ ਉਨ੍ਹਾਂ ਨੂੰ ਲੈ ਜਾਣਗੇ। ਇਲਾਕੇ ਦੇ ਇੱਕ ਹੋਰ ਵਾਸੀ ਇਤੇਸ਼ਾਨ ਆਜ਼ਮੀ ਨੇ ਦੱਸਿਆ ਕਿ ਕੁਝ ਦਿਨਾਂ ਵਿੱਚ ਇਹ ਕਬਜ਼ੇ ਫੇਰ ਲੱਗ ਜਾਣਗੇ।