ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਦਸੰਬਰ
ਸਿੰਘੂ ਹੱਦ ਤੋਂ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਰੱਦ ਕਰਨ ’ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਰਦਾਸ ਕਰਨ ਜਾ ਰਹੇ ਨਿਹੰਗ ਸਿੰਘਾਂ ਦੇ ਜਥੇ ਨੂੰ ਦਿੱਲੀ ਪੁਲੀਸ ਨੇ ਮੁਕਰਬਾ ਚੌਕ ਵਿੱਚ ਹੀ ਰੋਕ ਲਿਆ। ਜਥੇ ਵਿੱਚ 70 ਦੇ ਕਰੀਬ ਨਿਹੰਗ ਸਿੰਘ ਸ਼ਾਮਲ ਸਨ। ਡੇਢ ਦਰਜਨ ਗੱਡੀਆਂ ਵਿੱਚ ਦਿੱਲੀ ਵੱਲ ਜਾ ਰਹੇ ਨਿਹੰਗ ਸਿੰਘਾਂ ਨੂੰ ਮੁਕਰਬਾ ਚੌਕ ’ਤੇ ਰੋਕ ਕੇ ਜਦੋਂ ਦਿੱਲੀ ਜਾਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਖੇਤੀ ਕਾਨੂੰਨ ਰੱਦ ਹੋਣ ਦੀ ਖੁਸ਼ੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਣ ਜਾ ਰਹੇ ਹਨ। ਦਿੱਲੀ ਪੁਲੀਸ ਨੇ ਚੌਕਸੀ ਵਧਾਉਂਦਿਆਂ ਮੌਕੇ ’ਤੇ ਨੇੜਲੇ ਥਾਣਿਆਂ ਤੋਂ ਹੋਰ ਪੁਲੀਸ ਬਲ ਬੁਲਾਏ ਗਏ ਅਤੇ ਬੈਰੀਕੇਡ ਲਗਾ ਕੇ ਨਿਹੰਗ ਸਿੰਘਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਪੁਲੀਸ ਅਧਿਕਾਰੀਆਂ ਨੇ ਨਿਹੰਗ ਸਿੰਘਾਂ ਨੂੰ ਪਿੱਛੇ ਮੁੜਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਨਿਹੰਗ ਗੁਰਦੁਆਰੇ ਜਾਣ ਦੀ ਮੰਗ ’ਤੇ ਅੜ ਗਏ। ਪੁਲੀਸ ਦੇ ਡਿਪਟੀ ਕਮਿਸ਼ਨਰ (ਉੱਤਰੀ) ਬਿਜੇਂਦਰ ਕੁਮਾਰ ਯਾਦਵ ਨੇ ਦੱਸਿਆ ਕਿ 26 ਜਨਵਰੀ ਦੀ ਘਟਨਾ ਦੇ ਮੱਦੇਨਜ਼ਰ ਨਿਹੰਗ ਸਿੰਘਾਂ ਨੂੰ ਮੁਕਰਬਾ ਚੌਕ ਤੋਂ ਅੱਗੇ ਨਹੀਂ ਜਾਣ ਲਈ ਇਜ਼ਾਜਤ ਲੈਣੀ ਪਵੇਗੀ। ਇਜ਼ਾਜਤ ਮਿਲਣ ਮਗਰੋਂ ਨਿਹੰਗ ਸਿੰਘਾਂ ਨੂੰ ਦੋ ਸਰਕਾਰੀ ਬੱਸਾਂ ’ਚ ਅੱਗੇ ਲਿਜਾਣ ਦਾ ਫ਼ੈਸਲਾ ਕੀਤਾ ਗਿਆ। ਪੁਲੀਸ ਅਧਿਕਾਰੀਆਂ ਨੇ ਨਿਹੰਗ ਸਿੰਘਾਂ ਤੋਂ ਭਰੋਸਾ ਵੀ ਲਿਆ ਕਿ ਉਹ ਸਿੱਧਾ ਗੁਰਦੁਆਰੇ ਮੱਥਾ ਟੇਕਣਗੇ, ਹੋਰ ਕਿਤੇ ਨਹੀਂ ਜਾ ਸਕਣਗੇ। ਗੁਰਦੁਆਰਾ ਬੰਗਲਾ ਸਾਹਿਬ ਪਹੁੰਚ ਕੇ ਨਿਹੰਗ ਸਿੰਘ ਨੇ ਅਰਦਾਸ ਕੀਤੀ। ਇਸ ਦੌਰਾਨ ਮੁਕਰਬਾ ਚੌਕ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ।