ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਈ
ਦਿੱਲੀ ਪੁਲੀਸ ਨੇ ਕੋਵਿਡ -19 ਦੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਰੈਮਡੇਸਿਵਿਰ ਟੀਕੇ ਵੇਚਣ ਦੇ ਬਹਾਨੇ ਧੋਖਾ ਦੇਣ ਦੇ ਦੋਸ਼ ਵਿੱਚ ਇੱਕ ਨਾਇਜੀਰੀਅਨ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ, 41 ਸਾਲਾ ਚਬਿੂਕੇਨ ਪੀ ਡੈਨੀਅਲ ਕਥਿਤ ਤੌਰ ’ਤੇ ਆਪਣੇ ਸੰਪਰਕ ਵੇਰਵਿਆਂ ਤਹਿਤ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਸਾਈਟਾਂ ’ਤੇ ਰੈਮਡੇਸਿਵਿਰ ਦੇ ਵਿਕਰੇਤਾ ਵਜੋਂ ਵਿਚਰ ਰਿਹਾ ਸੀ ਪੁਲੀਸ ਨੇ ਡੈਨੀਏਲ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਤੇ ਇਸ ਅਪਰਾਧ ਵਿੱਚ ਵਰਤੇ ਗਏ ਦੋ ਲੈਪਟਾਪ, 33 ਮੋਬਾਈਲ ਫੋਨ ਤੇ ਕਈ ਸਿਮ ਕਾਰਡ ਅਤੇ ਏਟੀਐਮ ਕਾਰਡ ਸਮੇਤ 50,500 ਰੁਪਏ ਨਕਦ ਬਰਾਮਦ ਕੀਤੇ। ਮੁਲਜ਼ਮ ਹਵਾਈ ਅੱਡੇ ਉੱਤੇ ਕਸਟਮ ਕਲੀਅਰੈਂਸ ਫੀਸ ਵਜੋਂ ਪੈਸੇ ਲੈ ਕੇ ਉਨ੍ਹਾਂ ਨਾਲ ਧੋਖਾ ਕਰਨ ਵਿੱਚ ਵੀ ਸ਼ਾਮਲ ਸੀ। ਮੋਸਿਨ ਖਾਨ ਨਾਮ ਦੇ ਇਕ ਵਿਅਕਤੀ ਨੇ ਮੋਹਨ ਗਾਰਡਨ ਥਾਣੇ ਦੀ ਪੁਲੀਸ ਕੋਲ ਪਹੁੰਚ ਕੀਤੀ ਤੇ ਕਿਹਾ ਕਿ ਮੁਲਜ਼ਮ ਵੱਲੋਂ ਉਸ ਨੂੰ 10,000 ਰੁਪਏ ਦੀ ਠੱਗੀ ਮਾਰੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਖਾਨ ਨੂੰ ਤੁਰੰਤ ਆਪਣੇ ਰਿਸ਼ਤੇਦਾਰ ਲਈ ਤਿੰਨ ਰੈਮਡੇਸਿਵਿਰ ਟੀਕੇ ਚਾਹੀਦੇ ਸਨ। ਉਹ ਇਸ ਨੂੰ ਹਸਪਤਾਲ ਤੇ ਆਸ ਪਾਸ ਦੀਆਂ ਫਾਰਮੇਸੀਆਂ ਤੋਂ ਪ੍ਰਾਪਤ ਕਰਨ ਵਿੱਚ ਅਸਫਲ ਰਿਹਾ, ਫਿਰ ਉਸ ਨੂੰ ਸੋਸ਼ਲ ਮੀਡੀਆ ’ਤੇ ਇਕ ਮੋਬਾਈਲ ਨੰਬਰ ਮਿਲਿਆ ਤੇ ਉਸ ਨੇ ਵਿਕਰੇਤਾ ਨਾਲ ਸੰਪਰਕ ਕੀਤਾ। ਮੋਸਿਨ ਨੂੰ ਹਰੇਕ ਸ਼ੀਸ਼ੇ ਲਈ 25,000 ਰੁਪਏ ਅਦਾ ਕਰਨ ਤੇ 10,000 ਰੁਪਏ ਦੀ ਅਗਾਊਂ ਅਦਾਇਗੀ ਕਰਨ ਲਈ ਕਿਹਾ ਗਿਆ ਸੀ। ਭੁਗਤਾਨ ਕਰਨ ਤੋਂ ਬਾਅਦ ਵਿਕਰੇਤਾ ਨੇ ਖਾਨ ਦਾ ਨੰਬਰ ਬੰਦ ਕਰ ਦਿੱਤਾ। ਦੁਆਰਕਾ ਸਾਈਬਰ ਸੈੱਲ ਦੀ ਟੀਮ ਨੇ ਮੋਬਾਈਲ ਨੰਬਰ ਦੇ ਲੈਣ ਦੇਣ ਦੇ ਵੇਰਵਿਆਂ ਤੇ ਕਾਲ ਵੇਰਵੇ ਦੇ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ। ਮੁਖਬਰਾਂ ਦੀ ਮਦਦ ਨਾਲ ਡੈਨੀਏਲ ਦਾ ਪਤਾ ਲੱਭਿਆ ਤੇ ਉਸ ਨੂੰ ਦੱਖਣੀ ਦਿੱਲੀ ਦੇ ਖਾਨਪੁਰ ਤੋਂ ਫੜ ਲਿਆ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਆਪਣੇ ਜੁਰਮਾਂ ਦਾ ਇਕਰਾਰ ਕੀਤਾ ਤੇ ਦੱਸਿਆ ਕਿ ਉਹ ਫੇਸਬੁੱਕ ’ਤੇ ਸਰਗਰਮ ਸੀ ਤੇ ਗਿਫਟ ਪਾਰਸਲ ਦੇ ਨਾਮ ’ਤੇ ਉਥੇ ਲੋਕਾਂ ਨਾਲ ਧੋਖਾ ਕੀਤਾ। ਡੀਸੀਪੀ ਸੰਤੋਸ਼ ਕੁਮਾਰ ਮੀਨਾ (ਦੁਆਰਕਾ) ਨੇ ਕਿਹਾ ਕਿ ਟੀਮ ਨੇ ਪਾਇਆ ਕਿ ਮੁਲਜ਼ਮਾਂ ਨੇ ਸੌ ਤੋਂ ਵੱਧ ਲੋਕਾਂ ਨਾਲ ਧੋਖਾ ਕੀਤਾ ਸੀ।