ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਦਸੰਬਰ
ਸਿੱਖਾਂ ਦੀ ਦੂਜੀ ਵੱਡੀ ਧਾਰਮਿਕ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਪੀਸੀ) ਦੇ ਨਵੇਂ ਹਾਊਸ ਦੇ ਬਣਨ ਦੌਰਾਨ ਨਵੇਂ ਸਮੀਕਰਨ ਬਣਨਗੇ ਤੇ ਕਮੇਟੀ ਦੇ ਉਨ੍ਹਾਂ ਮੈਂਬਰਾਂ ਵਿਚੋਂ ਇੱਕ ਮੈਂਬਰ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ, ਜਿਹੜੇ ਲੰਘੇ ਦਿਨੀਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਦੁਪਹਿਰ ਦੇ ਭੋਜਨ ਵਿੱਚ ਸ਼ਾਮਲ ਹੋਏ ਸਨ। ਇਨ੍ਹਾਂ ਮੈਂਬਰਾਂ ਵਿਚੋਂ ਐੱਮਪੀਐੱਸ ਚੱਢਾ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ। ਖਾਣੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ 22 ਨਵੇਂ ਜਿੱਤੇ ਹੋਏ ਮੈਂਬਰ ਸ਼ਾਮਲ ਹੋਏ ਸਨ।
ਲੰਘੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਸਿਰਸਾ ਦੇ ਪੰਜਾਬੀ ਬਾਗ਼ ਸਥਿਤ ਗ੍ਰਹਿ ਵਿਖੇ ਫੇਰੀ ਪਾਈ ਸੀ। ਸ੍ਰੀ ਸਿਰਸਾ ਪਹਿਲਾਂ ਹੀ ਸਿੱਖ ਰਾਜਨੀਤੀ ਤੋਂ ਕਿਨਾਰਾ ਕਰ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਦਿੱਲੀ ਕਮੇਟੀ ਦੀਆਂ ਚੋਣਾਂ ਦੌਰਾਨ ਜੋ ਮੈਂਬਰ ਜਿਤਵਾਉਣ ’ਚ ਭੂਮਿਕਾ ਨਿਭਾਈ ਉਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਆਪਣੇ ਮੈਂਬਰ ਵੀ ਧੜਾ ਬਦਲਣ ਲਈ ਤਿਆਰ ਹਨ। ਸ਼੍ਰੋਮਣੀ ਅਕਾਲੀ ਦਲ ਲਈ ਇਹ ਨਮੋਸ਼ੀ ਵਾਲੀ ਗੱਲ ਹੋ ਸਕਦੀ ਹੈ ਕਿ ਬਹੁਮਤ ਹੋਣ ਦੇ ਬਾਵਜੂਦ ਉਸ ਦੇ ਹੱਥੋਂ ਦਿੱਲੀ ਕਮੇਟੀ ਖੁੱਸ ਸਕਦੀ ਹੈ। 3 ਮੈਂਬਰਾਂ ਵਾਲੀ ‘ਜਾਗੋ’ ਪਾਰਟੀ ਸਰਨਾ ਧੜੇ ਨਾਲ ਮਿਲ ਕੇ ਨਹੀਂ ਚੱਲ ਸਕਦੀ ਜਿਸ ਦੇ 14 ਮੈਂਬਰ ਜਿੱਤੇ ਹਨ। ਜਾਗੋ ਪਾਰਟੀ ਦੇ ਆਗੂਆਂ ਦੀ ਵੀ ਅੰਦਰਖਾਤੇ ਭਾਜਪਾ ਨਾਲ ਸਾਂਝ ਹੈ ਜਿਸ ਕਰਕੇ ਉਸ ਦੇ ਮੈਂਬਰਾਂ ਉਪਰ ਵੀ ਸਿੱਖਾਂ ਦੀ ਨਜ਼ਰ ਹੈ। ਅਗਲੀਆਂ ਦਿੱਲੀ ਨਗਰ ਨਿਗਮਾਂ ਦੀਆਂ ਚੋਣਾਂ ਦੌਰਾਨ ਭਾਜਪਾ ਤੋਂ ਕੌਂਸਲਰੀ ਦੀ ਟਿਕਟ ਦੇ ਚਾਹਵਾਨ ਸਿੱਖ ਆਗੂ ਹੁਣੇ ਹੀ ਸਰਗਰਮ ਹੋ ਗਏ ਹਨ। ਸਿੱਖ ਆਗੂ ਪਰਮਜੀਤ ਸਿੰਘ ਰਾਣਾ ਤੇ ਅਮਰਜੀਤ ਸਿੰਘ ਪੱਪੂ ਭਾਜਪਾ ਦੇ ਕੌਂਸਲਰ ਹਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੀ ਪਤਨੀ ਭਾਜਪਾ ਦੀ ਕੌਂਸਲਰ ਹੈ। ਹਾਊਸ ਬਣਨ ਦੌਰਾਨ ਮੈਂਬਰਾਂ ਵੱਲੋਂ ਦਲ ਬਦਲੀ ਵੀ ਕੀਤੀ ਸਕਦੀ ਹੈ। ਬਾਦਲ ਧੜੇ ਦੇ ਆਗੂ ਵਜੋਂ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਖੇਮੇ ਵਿੱਚ 30 ਮੈਂਬਰ ਜੋੜੀ ਰੱਖੇ ਸਨ ਤੇ ਹੁਣ ਵੀ 22 ਮੈਂਬਰ ਉਸ ਨਾਲ ਹਨ। ਇਸ ਕਰਕੇ ਜਿੱਤੇ ਮੈਂਬਰਾਂ ਵਿਚੋਂ ਨਵਾਂ ਧੜਾ ਉੱਭਰ ਸਕਦਾ ਹੈ।