ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਸਤੰਬਰ
ਨਵੀਂ ਦਿੱਲੀ ਰੇਲਵੇ ਸਟੇਸ਼ਨ ਦੀ ਕਾਇਆ ਕਲਪ ਹੋਣ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਮੁਸਾਫਰਾਂ ਲਈ ਹਰ ਸੰਭਵ ਸਹੂਲਤ ਦੇ ਨਾਲ-ਨਾਲ ਆਵਾਜਾਈ ਦੇ ਵੱਖ-ਵੱਖ ਢੰਗਾਂ ਨੂੰ ਅਨੁਕੂਲਿਤ ਕਰਦੇ ਹੋਏ ਮੁੜ ਵਿਕਸਤ ਕੀਤਾ ਜਾਣਾ ਹੈ। ਰੇਲ ਮੰਤਰਾਲੇ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ ‘ਤੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਨਵੇਂ ਮਾਡਲ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਮਾਡਲ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਰੇਲ ਮੰਤਰਾਲੇ ਨੇ ਟਵੀਟ ਕੀਤਾ, ‘ਇੱਕ ਨਵੇਂ ਯੁੱਗ ਦੀ ਸ਼ੁਰੂਆਤ: ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਪ੍ਰਸਤਾਵਿਤ ਡਿਜ਼ਾਈਨ’। ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਨਵੀਂ ਦਿੱਖ ਮਿਲਣ ਨਾਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਵੀ ਮਿਲਣਗੀਆਂ। ਜ਼ਿਕਰਯੋਗ ਹੈ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇਸ਼ ਦਾ ਸਭ ਤੋਂ ਵੱਡਾ ਤੇ ਦੂਜਾ ਸਭ ਤੋਂ ਵਿਅਸਤ ਸਟੇਸ਼ਨ ਹੈ। ਸਟੇਸ਼ਨ ਦੇ ਮੁੜ ਵਿਕਾਸ ਦਾ ਕੰਮ ਰੇਲ ਭੂਮੀ ਵਿਕਾਸ ਅਥਾਰਟੀ ਨੂੰ ਦਿੱਤਾ ਗਿਆ ਹੈ।
ਆਧੁਨਿਕ ਸਹੂਲਤਾਂ ਨਾਲ ਲੈਸ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਮਾਡਲ ਕਿਸੇ ਮਾਲ ਜਾਂ ਵਿਸ਼ਵ ਪੱਧਰੀ ਹਵਾਈ ਅੱਡੇ ਤੋਂ ਘੱਟ ਨਹੀਂ ਲੱਗਦਾ। ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਜਲਦੀ ਹੀ ਨਵੀਂ ਦਿੱਖ ਦਿੱਤੀ ਜਾਵੇਗੀ। ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਲਈ ਪ੍ਰਸਤਾਵਿਤ ਮਾਡਲ ਦੇਖ ਕੇ ਇਸ ਦੀ ਸੁੰਦਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।