ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਅਗਸਤ
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਸੱਦੀ ਮੀਟਿੰਗ ਵਿੱਚ ਪਾਰਟੀ ਦੇ 62 ਵਿੱਚੋਂ 53 ਵਿਧਾਇਕ ਸ਼ਾਮਲ ਹੋਏ। ਇਹ ਮੀਟਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਵਿਧਾਇਕਾਂ ਨੂੰ ਤੋੜਨ ਦੀ ਕਥਿਤ ਕੋਸ਼ਿਸ਼ ‘ਤੇ ਚਰਚਾ ਕਰਨ ਲਈ ਬੁਲਾਈ ਗਈ ਸੀ।
ਇਸ ਦੌਰਾਨ ਆਮ ਆਦਮੀ ਪਾਰਟੀ ਨੇ ਭਾਜਪਾ ’ਤੇ ਦੋਸ਼ ਲਗਾਇਆ ਹੈ ਕਿ ਭਗਵਾ ਪਾਰਟੀ ਨੇ ਦਿੱਲੀ ਦੇ 40 ਵਿਧਾਇਕਾਂ ਨੂੰ ਖਰੀਦਣ ਲਈ 20-20 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ। ਭਾਵ 800 ਕਰੋੜ ਰੁਪਏ ਖਰਚੇ ਜਾਣੇ ਸਨ। ‘ਆਪ’ ਨੇ ਸਵਾਲ ਕੀਤਾ ਕਿ ਇਹ ਖਰੀਦੋ-ਫਰੋਖ਼ਤ ਲਈ ਵੱਡੀ ਰਕਮ ਕਿੱਥੋਂ ਆਈ ਤੇ ਯਕੀਨਨ ਇਹ ਕਾਲਾ ਧਨ ਹੋਵੇਗਾ।
‘ਆਪ’ ਦੇ ਦਿੱਲੀ ਦੇ ਵਿਧਾਇਕਾਂ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਰਕਾਰੀ ਗ੍ਰਹਿ ਵਿਖੇ ਹੋਈ ਬੈਠਕ ਵਿੱਚ ਸਾਰੇ 62 ਵਿਧਾਇਕਾਂ ਵਿੱਚੋਂ 53 ਵਿਧਾਇਕ ਸ਼ਾਮਲ ਹੋਏ, ਜਦੋਂ ਕਿ 7 ਵਿਧਾਇਕ ਕਿਸੇ ਨਾ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕੇ। ਸੰਖੇਪ ਜਿਹੀ ਇਸ ਮੀਟਿੰਗ ਮਗਰੋਂ ਵਿਧਾਇਕਾਂ ਨੇ ਮਹਾਤਮਾ ਗਾਂਧੀ ਦੀ ਸਮਾਧ ‘ਰਾਜ ਘਾਟ ਵਿਖੇ ‘ਅਪਰੇਸ਼ਨ ਲੋਟਸ’ ਦੀ ਨਾਕਾਮੀ ਦੀ ਪ੍ਰਾਰਥਨਾ ਕੀਤੀ। ਮੀਟਿੰਗ ਵਿੱਚ ਅਮਾਨਤਉੱਲ੍ਹਾ ਖ਼ਾਂ ਫੋਨ ਰਾਹੀਂ ਹਾਜ਼ਰ ਹੋਏ, ਜਦੋਂ ਕਿ ਮੰਤਰੀ ਸਤੇਂਦਰ ਜੈਨ ਜੇਲ੍ਹ ਵਿੱਚ ਹਨ। ਕੁੱਝ ਵਿਧਾਇਕ ਦਿੱਲੀ ਤੋਂ ਬਾਹਰ ਦੱਸੇ ਗਏ। ‘ਆਪ’ ਬੁਲਾਰੇ ਸੌਰਭ ਭਾਰਦਵਾਜ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰਵਾਰ ਪ੍ਰੈਸ ਕਾਨਫਰੰਸ ਦੌਰਾਨ ਸੀਬੀਆਈ ਤੇ ਈਡੀ ਤੋਂ ਤਵੱਕੋਂ ਕੀਤੀ ਕਿ ਉਹ ਭਾਜਪਾ ਤੋਂ ਇਸ 800 ਕਰੋੜ ਦਾ ਪਤਾ ਲਾਵੇ ਜੋ ਉਹ ਵਿਧਾਇਕ ਖਰੀਦਣ ਲਈ ਵਰਤਣਾ ਚਾਹੁੰਦੀ ਸੀ। ਸੂਤਰਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਉਸ ਦੇ 12 ਵਿਧਾਇਕਾਂ ਆਸੇ-ਪਾਸੇ ਹੋ ਗਏ ਸਨ। ਸ੍ਰੀ ਭਾਰਦਵਾਜ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ‘ਆਪ’ ਦੇ 12 ਵਿਧਾਇਕਾਂ ਨਾਲ ਪਾਰਟੀ ਬਦਲਣ ਲਈ ਸੰਪਰਕ ਕੀਤਾ ਗਿਆ ਸੀ, ਹਾਲਾਂਕਿ ਵਿਧਾਇਕਾਂ ਨੇ ਕਿਹਾ ਹੈ ਕਿ ਉਹ ‘ਆਪ’ ਦੇ ਨਾਲ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਉਨ੍ਹਾਂ ਦੀ ਪਾਰਟੀ ਦੇ ਇੱਕ ਵੀ ਵਿਧਾਇਕ ਨੇ ‘ਆਪ’ ਛੱਡਣ ਤੇ ਉਨ੍ਹਾਂ ਵਿੱਚ ਸ਼ਾਮਲ ਹੋਣ ਲਈ ਭਾਜਪਾ ਵੱਲੋਂ ਕਥਿਤ 20 ਕਰੋੜ ਰੁਪਏ ਦੀ ਪੇਸ਼ਕਸ਼ ਸਵੀਕਾਰ ਨਹੀਂ ਕੀਤੀ। ਉਨ੍ਹਾਂ ਨੇ ਦਿੱਲੀ ਦੇ ਵੋਟਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਇੱਕ ਇਮਾਨਦਾਰ ਪਾਰਟੀ ਨੂੰ ਚੁਣਿਆ ਹੈ, ‘ਅਸੀਂ ਮਰ ਜਾਵਾਂਗੇ ਪਰ ਦਿੱਲੀ ਦੇ ਲੋਕਾਂ ਨਾਲ ਕਦੇ ਵੀ ਧੋਖਾ ਨਹੀਂ ਕਰਾਂਗੇ। ਮੈਂ ਆਪਣੇ ਪਿਛਲੇ ਜੀਵਨ ਵਿੱਚ ਚੰਗੇ ਕੰਮ ਕੀਤੇ ਹੋਣਗੇ ਕਿ ਮੈਨੂੰ ਮਨੀਸ਼ ਸਿਸੋਦੀਆ ਵਰਗਾ ਕੋਈ ਵਿਅਕਤੀ ਆਪਣੇ ਨਾਲ ਮਿਲਿਆ ਹੈ। ਉਸ ਨੇ ਉਨ੍ਹਾਂ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਹੁਣ, ਉਹ (ਭਾਜਪਾ) ਸਾਡੇ ਵਿਧਾਇਕਾਂ ਨੂੰ ਭਾਜਪਾ ਵਿਚ ਸ਼ਾਮਲ ਹੋਣ ਲਈ ਪੈਸੇ ਦੀ ਪੇਸ਼ਕਸ਼ ਕਰ ਰਹੇ ਹਨ। ਖ਼ਬਰ ਮਿਲੀ ਹੈ ਕਿ ਭਾਜਪਾ ‘ਆਪ’ ਛੱਡਣ ਅਤੇ ਭਾਜਪਾ ‘ਚ ਸ਼ਾਮਲ ਹੋਣ ਲਈ 20-20 ਕਰੋੜ ਰੁਪਏ ਦੀ ਪੇਸ਼ਕਸ਼ ਕਰ ਰਹੀ ਹੈ।’
ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਨੇ ਮਨੀਸ਼ ਸਿਸੋਦੀਆ ਨੂੰ ਸੰਦੇਸ਼ ਭੇਜਿਆ ਤੇ ਉਨ੍ਹਾਂ ਨੂੰ ‘ਆਪ’ ਤੇ ਅਰਵਿੰਦ ਕੇਜਰੀਵਾਲ ਨੂੰ ਛੱਡਣ ਲਈ ਕਿਹਾ। ਉਹ ਚਾਹੁੰਦੇ ਸਨ ਕਿ ਉਹ ਕੁਝ ਹੋਰ ਵਿਧਾਇਕਾਂ ਨਾਲ ਭਾਜਪਾ ਵਿਚ ਸ਼ਾਮਲ ਹੋ ਜਾਵੇ ਅਤੇ ਉਨ੍ਹਾਂ ਨੇ ਉਸ (ਸਿਸੋਦੀਆ) ਨੂੰ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਨਾਲ ਹੀ ਇਹ ਵੀ ਪੇਸ਼ਕਸ਼ ਕੀਤੀ ਕਿ ਉਸ ਵਿਰੁੱਧ ਸਾਰੇ ਕੇਸ ਵਾਪਸ ਲੈ ਲਏ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਸਿਸੋਦੀਆ ਖਿਲਾਫ ਫਰਜ਼ੀ ਐਫਆਈਆਰ ਦਰਜ ਕੀਤੀ ਗਈ ਸੀ ਤੇ ਸੀਬੀਆਈ ਨੇ 12 ਘੰਟੇ ਤੱਕ ਉਨ੍ਹਾਂ ਦੇ ਘਰ ਛਾਪਾ ਮਾਰਿਆ ਸੀ। ਉਨ੍ਹਾਂ ਨੂੰ ਕੋਈ ਦਸਤਾਵੇਜ਼ ਜਾਂ ਬੇਹਿਸਾਬ ਪੈਸਾ ਨਹੀਂ ਮਿਲਿਆ।
ਕੇਜਰੀਵਾਲ ਨੇ ‘ਆਪ’ ਵਿਧਾਇਕਾਂ ਨੂੰ ਭਾਜਪਾ ‘ਚ ਸ਼ਾਮਲ ਹੋਣ ਲਈ ਕੀਤੀਆਂ ਜਾ ਰਹੀਆਂ ‘ਪੇਸ਼ਕਸ਼ਾਂ’ ‘ਤੇ ਚਰਚਾ ਕਰਨ ਲਈ ਮੀਟਿੰਗ ਬੁਲਾਈ ਸੀ।’ਆਪ’ ਦੀ ਨੌਂ ਮੈਂਬਰੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਬੁੱਧਵਾਰ ਨੂੰ ਕਥਿਤ ਪੇਸ਼ਕਸ਼ਾਂ ਤੇ ਪਾਰਟੀ ਦੀ ਰਣਨੀਤੀ ‘ਤੇ ਚਰਚਾ ਕਰਨ ਲਈ ਮੀਟਿੰਗ ਕੀਤੀ ਸੀ।