ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਨਵੰਬਰ
ਇੱਥੋਂ ਦੇ ਸ਼ਿਵਾਜੀ ਸਟੇਡੀਅਮ ਵਿੱਚ ਚੱਲ ਰਹੇ 27ਵੇਂ ਨਹਿਰੂ ਹਾਕੀ ਕੱਪ ਲੜਕੀਆਂ ਦੇ ਕੁਆਟਰਫਾਈਨਲ ਲੀਗ ਮੁਕਾਬਲਿਆਂ ਵਿੱਚ ਅੰਮ੍ਰਿਤਸਰ ਦੀ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਡਾਇਰੈਕਟੋਰੇਟ ਜਨਰਲ-ਐੱਨਸੀਸੀ ਤੋਂ ਇਕ ਪਾਸੜ ਮੁਕਾਬਲੇ ਵਿਚ 8-0 ਨਾਲ ਹਾਰ ਗਈ। ਅੰਮ੍ਰਿਤਸਰ ਟੀਮ ਦੀ ਰਣਨੀਤੀ ਮਾੜੀ ਰਹੀ। ਮੁਕਾਬਲੇ ਦੌਰਾਨ ਖਿਡਾਰਨ ਗੁਰਪ੍ਰੀਤ ਕੌਰ ਨੂੰ ਹਰਾ ਤੇ ਮਨਦੀਪ ਕੌਰ ਨੂੰ ਲਾਲ ਕਾਰਡ ਦਿਖਾਇਆ ਗਿਆ। ਅੰਮ੍ਰਿਤਸਰ ਟੀਮ ਆਪਣਾ ਅਗਲਾ ਮੈਚ ਰਾਂਚੀ ਦੇ ਸਰਕਾਰੀ ਸਕੂਲ ਦੀਆਂ ਕੁੜੀਆਂ ਨਾਲ ਖੇਡੇਗੀ। ਗਵਾਲੀਅਰ ਦੀ ਕਿਡੀਜ਼ ਟੀਮ ਅਤੇ ਹਿਸਾਰ ਦੇ ਗੁਰੂ ਜੰਬੇਸ਼ਵਰ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ 1-1 ਗੋਲ ਨਾਲ ਬਰਾਬਰ ਰਹੀਆਂ। ਮੁਹਾਲੀ ਦੀ ਪੀਆਈਐੱਸ ਦੀ ਟੀਮ ਉੜੀਸਾ ਦੀ ਸਾਈ ਟਰੇਨਿੰਗ ਸੈਂਟਰ ਦੀ ਟੀਮ ਤੋਂ 7-0 ਦੇ ਵੱਡੇ ਫਰਕ ਨਾਲ ਹਾਰ ਗਈ ਤੇ ਉਸ ਦਾ ਇਸ ਟੂਰਨਾਮੈਂਟ ਦਾ ਸਫ਼ਰ ਖਤਮ ਹੋ ਗਿਆ। ਨਹਿਰੂ ਹਾਕੀ ਦੇ ਸਕੱਤਰ ਕੱਕੂ ਵਾਲੀਆ ਨੇ ਦੱਸਿਆ ਕਿ ਇਹ ਕੁਆਟਰਫਾਈਨਲ ਲੀਗ ਮੁਕਾਬਲਿਆਂ ਵਿੱਚ 4-4 ਟੀਮ ਦੋ ਵਰਗਾਂ ਵਿੱਚ ਹਨ ਤੇ ਹਰੇਕ ਟੀਮ ਨੇ 3-3 ਲੀਗ ਮੈਚ ਖੇਡਣੇ ਹਨ ਤੇ ਮੁੱਖ ਚਾਰ ਟੀਮਾਂ ਸੈਮੀਫਾਈਨਲ ਵਿੱਚ ਦਾਖ਼ਲ ਹੋਣਗੀਆਂ।