ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਦਸੰਬਰ
ਇੱਥੋਂ ਦੇ ਸ਼ਿਵਾਜੀ ਸਟੇਡੀਅਮ ਵਿੱਚ ਨਹਿਰੂ ਸਬ-ਜੂਨੀਅਰ ਹਾਕੀ ਦੇ ਫਾਈਨਲ ਵਿੱਚ ਨਵਲ ਟਾਟਾ ਦੀ ਹਾਕੀ ਅਕੈਡਮੀ, ਜਮਸ਼ੇਦਪੁਰ ਨੇ ਪਟਿਆਲਾ ਦੀ ਰਿਤੂ ਰਾਣੀ ਹਾਕੀ ਅਕੈਡਮੀ ਨੂੰ 2-1 ਦੇ ਫਰਕ ਨਾਲ ਹਰਾ ਕੇ 1 ਲੱਖ, 60 ਹਜ਼ਾਰ ਦੀ ਇਨਾਮੀ ਰਕਮ ਜਿੱਤ ਲਈ ਹੈ। ਦੂਜੇ ਸਥਾਨ ’ਤੇ ਆਈ ਪਟਿਆਲਾ ਦੀ ਟੀਮ ਨੂੰ 96 ਹਜ਼ਾਰ ਦਾ ਚੈੱਕ ਨਹਿਰੂ ਹਾਕੀ ਦੇ ਅਧਿਕਾਰੀਆਂ ਨੇ ਸੌਂਪਿਆ। ਅੱਜ ਖੇਡੇ ਗਏ ਫਾਈਨਲ ’ਚ ਪਹਿਲੇ ਕੁਆਰਟਰ ਦੌਰਾਨ ਦੋਨਾਂ ਟੀਮਾਂ ਨੇ ਇੱਕ-ਇੱਕ ਗੋਲ ਕੀਤਾ ਅਤੇ ਦੂਜੇ ਕੁਆਰਟਰ ਵਿੱਚ ਨਵਲ ਟਾਟਾ ਨੇ ਇੱਕ ਗੋਲ ਕਰਕੇ ਜੇਤੂ ਲੀਡ ਲੈ ਲਈ। ‘ਮੈਨ ਆਫ ਦਿ ਮੈਚ’ ਰਿਤੂ ਰਾਣੀ ਅਕੈਡਮੀ ਦੇ ਹਰਸ਼ ਸ਼ਰਮਾ ਨੂੰ ਚੁਣਿਆ। ਨਵਲ ਟਾਟਾ ਦੇ ਕੋਚ ਮਨੀਸ਼ ਕੁਮਾਰ ਨੂੰ 15 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਵਧੀਆ ਟੀਮ ਦਾ ਇਨਾਮ ਪਨਪੋਸ ਟੀਮ ਨੂੰ ਦਿੱਤਾ ਗਿਆ।