ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਪਰੈਲ
ਦਿਆਲ ਸਿੰਘ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਦੇ 400 ਸਾਲਾ ਸ਼ਤਾਬਦੀ ਨੂੰ ਸਮਰਪਿਤ ‘ਧਰਮ ਹੇਤਿ ਸਾਕਾ ਜਿਨ ਕੀਆ’ ਵਿਸ਼ੇ ਉਪਰ ਕੌਮੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿਚ ਸਾਹਿਤ ਜਗਤ ਦੇ ਕਈ ਵਿਦਵਾਨਾਂ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਉਦਘਾਟਨੀ ਸੈਸ਼ਨ ਵਿਚ ਕਾਲਜ ਦੇ ਪ੍ਰਿੰਸੀਪਲ ਪ੍ਰੋ. ਵਿਨੋਦ ਕੁਮਾਰ ਪਾਲੀਵਾਲ ਨੇ ਸਾਰਿਆਂ ਨੂੰ ਜੀ ਆਇਆ ਆਖਿਆ। ਇਸ ਤੋਂ ਬਾਅਦ ਪ੍ਰੋ. ਜਗਬੀਰ ਸਿੰਘ (ਚਾਂਸਲਰ, ਕੇਂਦਰੀ ਯੂਨੀਵਰਸਿਟੀ ਬਠਿੰਡਾ) ਨੇ ਆਪਣਾ ਮੁੱਖ ਭਾਸ਼ਣ ਪੇਸ਼ ਦਿੱਤਾ। ਉਨ੍ਹਾਂ ਆਪਣੇ ਮੁੱਖ ਭਾਸ਼ਣ ਦੌਰਾਨ ਭਾਰਤੀ ਗਿਆਨ ਪਰੰਪਰਾ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਆਪਣੀ ਪੁਰਾਤਨ ਗਿਆਨ ਪਰੰਪਰਾ ਨਾਲ ਜੁੜਣਾ ਚਾਹੀਦਾ ਹੈ ਅਤੇ ਇਹ ਗਿਆਨ ਪਰੰਪਰਾ ਆਪਣੇ ਆਪ ਵਿਚ ਇਕ ਅਮੀਰ ਪਰੰਪਰਾ ਹੈ। ਉਨ੍ਹਾਂ ਤੋਂ ਬਾਅਦ ਪ੍ਰੋ. ਰਵਿੰਦਰ ਸਿੰਘ ਨੇ ਇਸ ਸੈਮੀਨਾਰ ਦੀ ਤੇ ਵਿਭਾਗ ਦੀ ਰੂਪ-ਰੇਖਾ ਸਾਰਿਆਂ ਨਾਲ ਸਾਂਝੀ ਕੀਤੀ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਦਿਆਲ ਸਿੰਘ ਕਾਲਜ ਦੇ ਚੇਅਰਮੈਨ ਸੰਜੀਵ ਆਨੰਦ ਨੇ ਕੀਤੀ। ਉਨ੍ਹਾਂ ਆਪਣੇ ਦੁਆਰਾ ਲਿਖੇ ਗੀਤਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਉਦਘਾਟਨੀ ਸੈਸ਼ਨ ਦੌਰਾਨ ਕਾਲਜ ਦੀ ਅਧਿਆਪਿਕਾ ਡਾ. ਮੀਨਾਕਸ਼ੀ ਬੈਂਸ ਦੁਆਰਾ ਲਿਖੀ ਪੁਸਤਕ ‘ਦੇਵਿੰਦਰ ਕੌਰ ਕਾਵਿ: ਨਾਰੀਵਾਦੀ ਪਰਿਪੇਖ’ ਦਾ ਲੋਕ ਅਰਪਣ ਕੀਤਾ ਗਿਆ। ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਕਾਲਜ ਦੇ ਹੀ ਡਾ. ਕਮਲ ਜੀਤ ਸਿੰਘ ਨੇ ਬਾਖੂਬੀ ਕੀਤਾ। ਇਸ ਤੋਂ ਬਾਅਦ ਪਹਿਲੇ ਟੈਕਨੀਕਲ ਸੈਸ਼ਨ ਦੀ ਪ੍ਰੋ. ਇੰਦਰਜੀਤ ਸਿੰਘ ਬਖਸ਼ੀ (ਸਾਬਕਾ ਪ੍ਰਿੰਸੀਪਲ, ਦਿਆਲ ਸਿੰਘ ਕਾਲਜ) ਨੇ ਪ੍ਰਧਾਨਗੀ ਕੀਤੀ। ਦੂਜੇ ਸੈਸ਼ਨ ਵਿਚ ਡਾ. ਕੁਲਦੀਪ ਕੌਰ ਪਾਹਵਾ ਨੇ ਪ੍ਰਧਾਨਗੀ ਕੀਤੀ ਅਤੇ ਇਸ ਵਿਚ ਵਿਸ਼ੇਸ਼ ਮਹਿਮਾਨ ਵੱਜੋਂ ਪਰਵਾਸੀ ਸਾਹਿਤਕਾਰ ਗੁਰਚਰਨ ਸੱਗੂ ਹੋਰਾਂ ਨੇ ਸ਼ਿਰਕਤ ਕੀਤੀ। ਆਖਰੀ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਰਵਿੰਦਰ ਕੁਮਾਰ, ਮੁਖੀ ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ ਨੇ ਕੀਤੀ।