ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜਨਵਰੀ
ਗੜ੍ਹਵਾਲੀ, ਕੁਮੌਨੀ ਤੇ ਜੌਂਸਰੀ ਅਕੈਡਮੀਆਂ ਨੇ ਅੱਜ ਕਲਾ, ਸਭਿਆਚਾਰ ਤੇ ਭਾਸ਼ਾਵਾਂ ਵਿਭਾਗ (ਦਿੱਲੀ ਸਰਕਾਰ) ਦੇ ਅਧੀਨ ਰਾਸ਼ਟਰੀ ਕਵੀ ਸੰਮੇਲਨ ਕਰਵਾਇਆ। ਮੁੱਖ ਮਹਿਮਾਨ ਵਜੋਂ ਪਹੁੰਚੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਕਵੀ ਸੰਮੇਲਨ ਦੇਵਭੂਮੀ ਉਤਰਾਖੰਡ ਦੇ ਦੁੱਖਾਂ ਨੂੰ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਦੇਵਭੂਮੀ ਅਕੈਡਮੀ ਦਾ ਕਵੀ ਸੰਮੇਲਨ ਕਰੋਨਾ ਸੰਕਟ ਵਿੱਚ ਵੀ ਇਤਿਹਾਸਕ ਕਦਮ ਹੈ। ਇਹ ਲੋਕਤੰਤਰ ਦੀ ਰੂਹ ਨਾਲ ਜੁੜੇ ਹੋਣ ਦਾ ਪ੍ਰਤੀਕ ਹੈ। ਉਪ ਮੁੱਖ ਮੰਤਰੀ ਨੇ ਦੇਵਭੂਮੀ ਉਤਰਾਖੰਡ ਦੇ ਕਵੀਆਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਦੇਵਭੂਮੀ ਦੀ ਭਾਸ਼ਾ ਅਤੇ ਸੱਭਿਆਚਾਰ ਦਾ ਝੰਡਾ ਗੱਡਣ ਵਾਲਾ ਕਿਹਾ। ਉਨ੍ਹਾਂ ਕਿਹਾ ਕਿ ਉਤਰਾਖੰਡ ਸਰਕਾਰ ਨੇ ਦੇਵਭੂਮੀ ਦੀ ਭਾਸ਼ਾ ਅਕਾਦਮੀ ਦੀ ਸਥਾਪਨਾ ਨਹੀਂ ਕੀਤੀ ਪਰ ਦਿੱਲੀ ਸਰਕਾਰ ਨੇ ਗੜ੍ਹਵਾਲੀ, ਕੁਮੌਨੀ ਤੇ ਜੌਂਸਰੀ ਅਕੈਡਮੀ ਸਥਾਪਤ ਕੀਤੀ। ਉਪ ਮੁੱਖ ਮੰਤਰੀ ਨੇ ਕਿਹਾ ਕਿ ਉਤਰਾਖੰਡ ਵਿੱਚ ਬਣੀ ਬਿਜਲੀ ਨਾਲ ਕੇਜਰੀਵਾਲ ਸਰਕਾਰ ਦਿੱਲੀ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾ ਰਹੀ ਹੈ ਪਰ ਦੁੱਖ ਦੀ ਗੱਲ ਹੈ ਕਿ ਉਤਰਾਖੰਡ ਦੇ ਲੋਕਾਂ ਨੂੰ ਬਿਜਲੀ ਨਹੀਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਐਂਬੂਲੈਂਸਾਂ ਦੀ ਅਣਹੋਂਦ ਵਿਚ ਮਰਨ ਵਾਲੀਆਂ ਔਰਤਾਂ ਦੀ ਆਵਾਜ਼ ਵੀ ਤੁਹਾਡੀਆਂ ਕਵਿਤਾਵਾਂ ਵਿਚ ਸੁਣੀ ਜਾਣੀ ਚਾਹੀਦੀ ਹੈ। ਉਤਰਾਖੰਡ ਦਾ ਵਿਕਾਸ ਕਵੀਆਂ ਦੀ ਆਵਾਜ਼ ਦੇ ਨਾਲ ਹੋ ਸਕਦਾ ਹੈ। ਇਸ ਲਈ ਇਸ ਰਾਸ਼ਟਰੀ ਪੱਧਰ ’ਤੇ ਉਤਰਾਖੰਡ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰੋ। ਉਪ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਦਿਆਂ ਵਿਭਿੰਨਤਾ ਵਿੱਚ ਏਕਤਾ ਦਾ ਸੰਦੇਸ਼ ਦਿੱਤਾ ਹੈ। ਇਹ ਭਾਰਤੀ ਗਣਤੰਤਰ ਨੂੰ ਮਜ਼ਬੂਤ ਕਰਨ ਵਿਚ ਦਿੱਲੀ ਦਾ ਵੱਡਾ ਯੋਗਦਾਨ ਹੈ। ਗਣਤੰਤਰ ਉਤਸਵ ਦੇ ਹਿੱਸੇ ਵਜੋਂ ਇਹ ਪ੍ਰੋਗਰਾਮ ਹਿੰਦੀ ਭਵਨ ਆਡੀਟੋਰੀਅਮ ਵਿਚ ਅਕੈਡਮੀ ਦੇ ਉਪ-ਪ੍ਰਧਾਨ ਐੱਮਐੱਸ ਰਾਵਤ ਦੀ ਪ੍ਰਧਾਨਗੀ ਹੇਠ ਹੋਇਆ। ਅਕੈਡਮੀ ਦੇ ਸਕੱਤਰ ਡਾ. ਜੀਤਰਾਮ ਭੱਟ ਨੇ ਸੰਚਾਲਨ ਕੀਤਾ। ਉਨ੍ਹਾਂ ਦੇਵਭੂਮੀ ਦੀਆਂ ਹਾਸ਼ੀਏ ਵਾਲੀਆਂ ਭਾਸ਼ਾਵਾਂ ਨੂੰ ਮਾਨਤਾ ਦੇ ਕੇ ਗੜ੍ਹਵਾਲੀ, ਕੁਮੌਨੀ ਅਤੇ ਜੌਂਸਰੀ ਅਕੈਡਮੀ ਦੀ ਸ਼ੁਰੂਆਤ ਕਰਨ ਲਈ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ। ਇਸ ਕਾਵਿ ਸੰਮੇਲਨ ਵਿਚ ਤਿੰਨੋਂ ਭਾਸ਼ਾਵਾਂ ਦੇ ਕਵੀਆਂ ਨੇ ਕਵਿਤਾ ਪੇਸ਼ ਕੀਤੀ। ਉਨ੍ਹਾਂ ਵਿਚੋਂ, ਕੁਮੌਨੀ ਦੇ ਪੂਰਨ ਚੰਦਰ ਕੰਦਪਾਲ, ਰਮੇਸ਼ ਹਿਤਾਸ਼ੀ ਅਤੇ ਡਾ. ਦਮੰਤੀ ਸ਼ਰਮਾ ਮੁੱਖ ਰਹੇ। ਗੜ੍ਹਵਾਲੀ ਵਿੱਚ ਮਦਨ ਦੁਕਲਾਨ, ਪ੍ਰਿਥਵੀ ਸਿੰਘ ਕੇਦਾਰਖੰਡੀ ਅਤੇ ਦਿਨੇਸ਼ ਧਿਆਨੀ ਨੇ ਕਵਿਤਾ ਪੇਸ਼ ਕੀਤੀ। ਜੌਂਸਰੀ ਵਿੱਚ ਖਜ਼ਾਨਦੱਤਾ ਸ਼ਰਮਾ ਨੇ ਕਵਿਤਾਵਾਂ ਸੁਣਾਈਆਂ। ਇਸ ਮੌਕੇ ਦਿੱਲੀ ਵਿਧਾਨ ਸਭਾ ਦੇ ਵਿਧਾਇਕ ਦਿਨੇਸ਼ ਮੋਹਨੀਆ ਤੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ।