ਪੱਤਰ ਪ੍ਰੇਰਕ
ਨਵੀ ਦਿੱਲੀ, 18 ਅਪਰੈਲ
ਉੱਤਰ ਪ੍ਰਦੇਸ਼ ਸਰਕਾਰ ਨੇ ਸੋਮਵਾਰ ਨੂੰ ਰਾਜਧਾਨੀ ਲਖਨਊ ਅਤੇ ਦਿੱਲੀ ਨਾਲ ਲੱਗਦੇ ਕੌਮੀ ਰਾਜਧਾਨੀ ਖੇਤਰ ਦੇ ਛੇ ਜ਼ਿਲ੍ਹਿਆਂ ਵਿੱਚ ਜਨਤਕ ਥਾਵਾਂ ’ਤੇ ਮਾਸਕ ਲਾਜ਼ਮੀ ਕਰ ਦਿੱਤਾ ਹੈ। ਦਿੱਲੀ ਵਿੱਚ ਰੋਜ਼ਾਨਾ ਕਰੋਨਾਵਾਇਰਸ ਦੇ ਕੇਸ ਅਤੇ ਸਕਾਰਾਤਮਕਤਾ ਦਰ ਹਾਲ ਹੀ ਵਿੱਚ ਉੱਪਰ ਵੱਲ ਵਧ ਰਹੀ ਹੈ। ਅਧਿਕਾਰੀ ਅਨੁਸਾਰ ਯੂਪੀ ਦੇ ਕੌਮੀ ਰਾਜਧਾਨੀ ਖੇਤਰ ਦੇ ਆਲੇ ਦੁਆਲੇ ਦੇ ਰਾਜਾਂ ਵਿੱਚ ਮਾਮਲਿਆਂ ਵਿੱਚ ਵਾਧੇ ਦਾ ਯੂਪੀ ਦੇ ਜ਼ਿਲ੍ਹਿਆਂ ਵਿੱਚ ਵੀ ਪ੍ਰਭਾਵ ਪਿਆ ਹੈ। ਨਤੀਜੇ ਵਜੋਂ ਸਰਕਾਰ ਨੇ ਲਖਨਊ, ਗੌਤਮ ਬੁੱਧ ਨਗਰ, ਗਾਜ਼ੀਆਬਾਦ, ਹਾਪੁੜ, ਮੇਰਠ, ਬੁਲੰਦਸ਼ਹਿਰ ਤੇ ਬਾਗਪਤ ਜ਼ਿਲ੍ਹਿਆਂ ਲਈ ਮਾਸਕ ਪਹਿਨਣ ਦੇ ਆਦੇਸ਼ ਜਾਰੀ ਕੀਤੇ ਹਨ। ਯੂਪੀ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕੋਵਿਡ-19 ਸਥਿਤੀ ਵਿੱਚ ਸੁਧਾਰ ਦੇ ਮੱਦੇਨਜ਼ਰ ਜਨਤਕ ਥਾਵਾਂ ’ਤੇ ਮਾਸਕ ਦੀਆਂ ਜ਼ਰੂਰਤਾਂ ਵਿੱਚ ਢਿੱਲ ਦਿੱਤੀ ਸੀ। ਦਿੱਲੀ ਨੇ ਵੀ ਇਸ ਮਹੀਨੇ ਦੇ ਸ਼ੁਰੂ ਵਿੱਚ ਜਨਤਕ ਥਾਵਾਂ ’ਤੇ ਮਾਸਕ ਦੀ ਢਿੱਲ ਦਿੱਤੀ ਸੀ। ਹਾਲ ਹੀ ਵਿੱਚ ਦਿੱਲੀ ’ਚ ਵੱਡੇ ਪੱਧਰ ’ਤੇ ਲਾਗ ਦਰ ਵਧੀ ਹੈ। ਦਿੱਲੀ ਵਿੱਚ ਇੱਕ ਹਫ਼ਤਾ ਪਹਿਲਾਂ ਦੇ ਲਗਭਗ 200 ਦੇ ਮੁਕਾਬਲੇ ਐਤਵਾਰ ਨੂੰ 500 ਤੋਂ ਵੱਧ ਮਾਮਲੇ ਸਾਹਮਣੇ ਆਏ ਤੇ 5.33 ਫ਼ੀਸਦ ਲਾਗ ਦਰ ਦਰਜ ਕੀਤੀ ਗਈ। ਸੋਮਵਾਰ ਸਵੇਰੇ 2,183 ਕਰੋਨਵਾਇਰਸ ਕੇਸ ਦਰਜ ਕੀਤੇ ਗਏ ਹਨ। ਮਾਹਿਰਾਂ ਨੇ ਕਿਹਾ ਹੈ ਕਿ ਇਹ ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਲਾਗ ਦਰ ਵਧ ਸਕੇ ਪਰ ਮਰੀਜ਼ਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਜਾਂ ਬਹੁਤ ਗੰਭੀਰ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਹਾਲਾਂਕਿ, ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।