ਕੁਲਦੀਪ ਸਿੰਘ਼
ਨਵੀਂ ਦਿੱਲੀ, 4 ਜਨਵਰੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਰ੍ਹੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਜਿਹੜੀ ਵਿਉਂਤਬੰਦੀ ਕੀਤੀ ਗਈ ਸੀ। ਉਸੇ ਦੇ ਅਧੀਨ ਹੀ ਦਿੱਲੀ ਕਮੇਟੀ ਦੇ ਪ੍ਰਬੰਧ ਅਧੀਨ ਚਲਾਈਆਂ ਜਾ ਰਹੀਆਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਮੂਹ ਬ੍ਰਾਚਾਂ ਦੇ 1100 ਵਿਦਿਆਰਥੀਆਂ ਦਾ ਕੀਰਤਨ ਕਰਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਪ੍ਰੋਗਰਾਮ ਨੂੰ ਸਿਰੇ ਚੜ੍ਹਾਉਣ ਲਈ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੇ ਪ੍ਰਿੰਸੀਪਲ ਸਤਬੀਰ ਸਿੰਘ ਨੂੰ ਇਸ ਕਮੇਟੀ ਦਾ ਕਨਵੀਨਰ ਥਾਪਿਆ ਗਿਆ। ਕਮੇਟੀ ਦੇ ਕਨਵੀਨਰ ਸਤਬੀਰ ਸਿੰਘ ਨੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਚੋਣਵੀਆਂ ਬ੍ਰਾਂਚਾਂ ਦੇ ਸੰਗੀਤ ਅਧਿਆਪਕਾਂ ਦੇ ਨਾਲ ਗੁਰਦੁਆਰਾ ਮਾਤਾ ਸੁੰਦਰੀ ਵਿਖੇ ਗੁਰਮਤਿ ਕਾਲਜ ਵਿਚ ਦੋ ਰੋਜਾ ਪ੍ਰੈਕਟਿਸ ਸੈਸ਼ਨ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸਲੋਕ ਮਹਲਾ 9 ਦੇ 57 ਸਲੋਕ ਸੰਗੀਤ ਬੱਧ ਕੀਤੇ ਗਏ। ਇਸ ਮੌਕੇ ਸੰਗੀਤ ਅਧਿਆਪਕਾਂ ਤੋਂ ਇਲਾਵਾ ਕੋਆਰਡੀਨੇਟਰ ਕਮੇਟੀ ਦੇ ਅਧਿਆਪਕ ਵੀ ਹਾਜਰ ਸਨ। ਦਿੱਲੀ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਦਾ ਕਹਿਣਾ ਹੈ ਕਿ ਇਹਨਾਂ ਸਲੋਕਾਂ ਦੀ ਸਟੂਡੀਓ ਵਿੱਚ ਰਿਕਾਰਡਿੰਗ ਕਰਕੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਹੁੰਚਾਈ ਜਾਵੇਗੀ ਤਾਂ ਕਿ ਬੱਚਿਆਂ ਦੀ ਆਨਲਾਈਨ ਤਿਆਰੀ ਸੁਚੱਜੇ ਢੰਗ ਨਾਲ ਕਰਾਈ ਜਾ ਸਕੇ। ਬੀਬੀ ਰਣਜੀਤ ਕੌਰ ਨੇ ਇਹ ਵੀ ਦੱਸਿਆ ਕਿ ਗੁਰੂ ਸਾਹਿਬ ਦੀ ਬਾਣੀ ਤੋਂ ਇਲਾਵਾ ਵਿਦਿਆਰਥੀਆਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਵੀ ਲਿਖਤੀ ਰੂਪ ਵਿੱਚ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਜਾਵੇਗਾ। ਕਮੇਟੀ ਦੇ ਕਨਵੀਨਰ ਪ੍ਰਿੰ. ਸਤਬੀਰ ਸਿੰਘ ਹੋਰਾਂ ਨੇ ਇਸ ਮੌਕੇ ਦੱਸਿਆ ਕਿ ਸਕੂਲੀ ਅਧਿਆਪਕਾਂ ਵੱਲੋਂ ਪੂਰੀ ਸੇਵਾ ਭਾਵਨਾ ਨਾਲ ਇਹ ਕਾਰਜ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਮਤਿ ਕਾਲਜ ਦੇ ਪ੍ਰਿੰਸੀਪਲ ਗਿਆਨੀ ਹਰਜੀਤ ਸਿੰਘ ਵੱਲੋਂ ਤੇ ਸਮੁੱਚੇ ਸਟਾਫ਼ ਵੱਲੋਂ ਆਪਣਾ ਭਰਪੂਰ ਸਹਿਯੋਗ ਦਿੱਤਾ ਗਿਆ।