ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਸਤੰਬਰ
ਪੱਛਮੀ ਦਿੱਲੀ ਦੇ ਰਘੁਬੀਰ ਨਗਰ ਦੇ ਇਕ ਕਮਰੇ ‘ਚ ਕਿਰਾਏ ’ਤੇ ਰਹਿੰਦੇ 3 ਦੋਸਤਾਂ ਦਰਮਿਆਨ ਕਿਰਾਏ ਨੂੰ ਲੈ ਕੇ ਹੋਏ ਝਗੜੇ ਮਗਰੋਂ ਇਕ ਕਿਰਾਏਦਾਰ ਨੇ ਦੂਜੇ ਦੋਨੋਂ ਸਾਥੀਆਂ ਦਾ ਚਾਕੂ ਦੇ ਵਾਰ ਕਰ ਕੇ ਕਤਲ ਕਰ ਦਿੱਤਾ ਤੇ ਜ਼ੱਦੀ ਪਿੰਡ ਉੱਤਰ ਪ੍ਰਦੇਸ਼ ਦੇ ਅਮਰੋਹਾ ਚਲਾ ਗਿਆ। ਦਿੱਲੀ ਪੁਲੀਸ ਨੇ ਉਸ ਨੂੰ ਉੱਥੋਂ ਗ੍ਰਿਫ਼ਤਾਰ ਕਰ ਲਿਆ। ਪੁਲੀਸ ਮੁਤਾਬਿਕ ਅਜਮਲ (45), ਅਮੀਰ ਹੁਸੈਨ (46) ਤੇ ਸ਼ਾਕਿਰ ਇਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ। ਇਹ ਮਕਾਨ 4 ਹਜ਼ਾਰ ਰੁਪਏ ਕਿਰਾਏ ’ਤੇ ਸੀ। ਸ਼ਾਕਿਰ ਸਾਲ ਦੇ ਸ਼ੁਰੂ ਵਿੱਚ ਅਮਰੋਹਾ ਚਲਾ ਗਿਆ ਤੇ ਜਦੋਂ ਕਈ ਮਹੀਨੇ ਬਾਅਦ ਪਰਤਿਆ ਤਾਂ ਦੂਜੇ ਸਾਥੀਆਂ ਨੇ ਬਕਾਇਆ ਕਿਰਾਇਆ ਉਸ ਤੋਂ ਮੰਗਿਆ। ਇਸ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਵੀ ਹੋਇਆ। ਇਸੇ ਗੱਲੋਂ ਦੁਖੀ ਸ਼ਾਕਿਰ ਨੇ ਰਾਤ ਸਮੇਂ ਸੁੱਤੇ ਪਏ ਸਾਥੀਆਂ ਦਾ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ।